ਆਈਐੱਮਏ ’ਚ ਆਧੁਨਿਕ ਮੈਡੀਕਲ ਤਕਨੀਕਾਂ ’ਤੇ ਵਿਸ਼ੇਸ਼ ਚਰਚਾ
ਆਈਐਮਏ ਦੀ ਸੀਐਮਈ ਵਿੱਚ ਆਧੁਨਿਕ ਮੈਡੀਕਲ ਤਕਨੀਕਾਂ ਅਤੇ ਸਰਜਰੀ ’ਤੇ ਵਿਸ਼ੇਸ਼ ਚਰਚਾ
Publish Date: Mon, 01 Jun 2026 07:51 PM (IST)
Updated Date: Mon, 01 Jun 2026 09:13 PM (IST)

--ਮਾਹਿਰ ਡਾ. ਅਰੂਸ਼ ਪਸਰੀਚਾ ਤੇ ਡਾ. ਪੌਰੂਸ਼ ਪਸਰੀਚਾ ਨੇ ਦਿੱਤੀ ਜਾਣਕਾਰੀ --ਆਈਐੱਮਏ ਪ੍ਰਧਾਨ ਡਾ. ਰਵਜੀਤ ਸਿੰਘ ਨੇ ਕੀਤਾ ਧੰਨਵਾਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਆਧੁਨਿਕ ਮੈਡੀਕਲ ਵਿਗਿਆਨ ਤੇ ਸਰਜਰੀ ਨਾਲ ਸਬੰਧਤ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਡਾਕਟਰਾਂ ਨੇ ਸ਼ਮੂਲੀਅਤ ਕਰਕੇ ਨਵੀਆਂ ਮੈਡੀਕਲ ਤਕਨੀਕਾਂ ਤੇ ਇਲਾਜ ਪੱਧਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਆਈਐੱਮਏ ਕਪੂਰਥਲਾ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਾਹਿਰ ਡਾਕਟਰ ਡਾ. ਅਰੂਸ਼ ਪਸਰੀਚਾ ਤੇ ਡਾ. ਪੌਰੂਸ਼ ਪਸਰੀਚਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਅਰੂਸ਼ ਪਸਰੀਚਾ ਨੇ “ਸਾਲਵਿੰਗ ਦ ਅਨਸਾਲਵਡ : ਰੈਸਕਿਊ ਬਾਈ ਰੀਕੰਸਟਰਕਟਿਵ ਸਰਜਰੀ” ਵਿਸ਼ੇ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਆਧੁਨਿਕ ਰੀਕੰਸਟਰਕਟਿਵ ਸਰਜਰੀ ਰਾਹੀਂ ਜਟਿਲ ਤੇ ਚੁਣੌਤੀਪੂਰਨ ਮਾਮਲਿਆਂ ਦਾ ਵੀ ਸਫਲ ਇਲਾਜ ਸੰਭਵ ਹੋ ਰਿਹਾ ਹੈ। ਉਨ੍ਹਾਂ ਵੱਖ-ਵੱਖ ਉਦਾਹਰਨਾਂ ਰਾਹੀਂ ਇਸ ਖੇਤਰ ਵਿਚ ਹੋ ਰਹੀ ਤਰੱਕੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਾ. ਪੌਰੂਸ਼ ਪਸਰੀਚਾ ਨੇ “ਮਾਡਰਨ ਮੈਨੇਜਮੈਂਟ ਆਫ਼ ਗਲਿਓਮਾ : ਫਰਾਮ ਸਸਪੀਸ਼ਨ ਟੂ ਸਰਵਾਈਵਲ” ਵਿਸ਼ੇ ’ਤੇ ਵਿਅਖਿਆਨ ਦਿੰਦਿਆਂ ਦਿਮਾਗੀ ਟਿਊਮਰ ਗਲਿਓਮਾ ਦੀ ਪਛਾਣ, ਜਾਂਚ ਤੇ ਇਲਾਜ ਵਿਚ ਵਰਤੀਆਂ ਜਾ ਰਹੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਛਾਣ ਤੇ ਉੱਨਤ ਇਲਾਜ ਪੱਧਤੀਆਂ ਕਾਰਨ ਮਰੀਜ਼ਾਂ ਦੀ ਜੀਵਨ ਗੁਣਵੱਤਾ ਤੇ ਜੀਵਨ ਕਾਲ ਵਿਚ ਮਹੱਤਵਪੂਰਨ ਸੁਧਾਰ ਆਇਆ ਹੈ। ਇਸੇ ਤਰ੍ਹਾਂ ਡਾ. ਅਰੂਸ਼ ਪਸਰੀਚਾ ਨੇ “ਦ ਸਪੈਕਟ੍ਰਮ ਆਫ਼ ਮਾਡਰਨ ਐਸਥੈਟਿਕ ਸਰਜਰੀ” ਵਿਸ਼ੇ ’ਤੇ ਜਾਣਕਾਰੀ ਦਿੰਦਿਆਂ ਸੁੰਦਰਤਾ ਸਬੰਧੀ ਸਰਜਰੀ ਦੇ ਖੇਤਰ ਵਿਚ ਹੋ ਰਹੇ ਨਵੀਨਤਮ ਵਿਕਾਸ ਤੇ ਵਧ ਰਹੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਆਧੁਨਿਕ ਐਸਥੈਟਿਕ ਸਰਜਰੀ ਹੁਣ ਕੇਵਲ ਸੁੰਦਰਤਾ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਲੋਕਾਂ ਦੇ ਆਤਮ-ਵਿਸ਼ਵਾਸ ਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਸੈਸ਼ਨ ਦੌਰਾਨ ਡਾਕਟਰਾਂ ਨੇ ਮਾਹਿਰਾਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਸਵਾਲ-ਜਵਾਬ ਕੀਤੇ ਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਮੈਡੀਕਲ ਖੇਤਰ ਵਿਚ ਲਗਾਤਾਰ ਹੋ ਰਹੀ ਖੋਜ ਤੇ ਤਕਨੀਕੀ ਵਿਕਾਸ ਨਾਲ ਅਪਡੇਟ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਆਈਐੱਮਏ ਕਪੂਰਥਲਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜਿਹੇ ਸਿੱਖਿਆਤਮਕ ਪ੍ਰੋਗਰਾਮ ਡਾਕਟਰਾਂ ਦੇ ਗਿਆਨ ਨੂੰ ਅਪਡੇਟ ਰੱਖਣ ਦੇ ਨਾਲ-ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਵੀ ਸਹਾਇਕ ਸਾਬਤ ਹੁੰਦੇ ਹਨ। ਇਸ ਉਪਰੰਤ ਆਈਐੱਮਏ ਪ੍ਰਧਾਨ ਡਾ. ਰਵਜੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਡਾ. ਅਰੂਸ਼ ਪਸਰੀਚਾ ਤੇ ਡਾ. ਪੌਰੂਸ਼ ਪਸਰੀਚਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਡੀਕੇ ਮਿੱਤਲ, ਡਾ. ਸੁਰਿੰਦਰ ਕੁਮਾਰ, ਆਈਐੱਮਏ ਦੇ ਸਾਬਕਾ ਪ੍ਰਧਾਨ ਡਾ. ਬਲਦੇਵ ਸਿੰਘ ਮੋਮੀ, ਡਾ. ਅਨੂਪ ਮੇਘ, ਡਾ. ਅਨੀਤਾ ਮੇਘ, ਡਾ. ਮੋਹਨਪ੍ਰੀਤ ਸਿੰਘ, ਡਾ. ਰਣਬੀਰ ਕੌਸ਼ਲ, ਡਾ. ਰਾਜ ਕੁਮਾਰ ਭਗਤ, ਡਾ. ਰਮੇਸ਼ ਮਾਹਨਾ, ਡਾ. ਅਮਨਦੀਪ ਸਿੰਘ, ਡਾ. ਸਿੰਮੀ ਧਵਨ, ਡਾ. ਸੰਦੀਪ ਧਵਨ, ਡਾ. ਹਰਜੀਤ ਸਿੰਘ, ਡਾ. ਅਮਨਸੁਮਿਤ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।