ਆਈਐੱਮਏ ਵੱਲੋਂ ਡਾਕਟਰਾਂ ਲਈ ਮੈਡੀਕਲ ਸਿੱਖਿਆ ਪ੍ਰੋਗਰਾਮ ਆਈਐੱਮਏ ਕਪੂਰਥਲਾ ਵੱਲੋਂ ਡਾਕਟਰਾਂ ਲਈ ਵਿਸ਼ੇਸ਼ ਸਤਤ ਮੈਡੀਕਲ ਸਿੱਖਿਆ ਪ੍ਰੋਗਰਾਮ
Publish Date: Thu, 01 Oct 2026 09:48 PM (IST)
Updated Date: Thu, 01 Oct 2026 09:51 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਕਪੂਰਥਲਾ ਦੇ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਡਾਕਟਰਾਂ ਲਈ ਵਿਸ਼ੇਸ਼ ਮੈਡੀਕਲ ਸਿੱਖਿਆ (ਸੀਐੱਮਈ) ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੀਐੱਮਈ ਦੌਰਾਨ ਆਈਐੱਮਏ ਦੇ ਪ੍ਰਧਾਨ ਡਾ. ਰਵਜੀਤ ਸਿੰਘ ਨੇ ਮੁੱਖ ਮਹਿਮਾਨ ਡਾ. ਰਾਜੀਵ ਪਰਾਸ਼ਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਸੀਐੱਮਈ ਵਿੱਚ ਆਧੁਨਿਕ ਇਲਾਜ ਪ੍ਰਣਾਲੀ ਵਿੱਚ ਜੀਐੱਲਪੀ-1 ਐਗੋਨਿਸਟ ਤੇ ਸੇਮਾਗਲੂਟਾਈਡ ਦੀ ਵਰਤੋਂ ਤੇ ਸ਼ੂਗਰ ਤੋਂ ਇਲਾਵਾ ਸਰੀਰ ਦੇ ਵੱਖ-ਵੱਖ ਅੰਗਾਂ ਦੀਆਂ ਪ੍ਰਣਾਲੀਆਂ ’ਤੇ ਇਸ ਦੇ ਸੰਭਾਵੀ ਪ੍ਰਭਾਵਾਂ ਸਬੰਧੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਡਾਕਟਰਾਂ ਨੂੰ ਨਵੀਆਂ ਮੈਡੀਕਲ ਜਾਣਕਾਰੀਆਂ, ਇਲਾਜ ਸਬੰਧੀ ਨਵੇਂ ਤਰੀਕਿਆਂ ਤੇ ਮਰੀਜ਼ਾਂ ਦੇ ਇਲਾਜ ਵਿੱਚ ਸਾਹਮਣੇ ਆ ਰਹੇ ਆਧੁਨਿਕ ਵਿਕਲਪਾਂ ਬਾਰੇ ਜਾਣੂ ਕਰਵਾਉਣਾ ਸੀ। ਸੀਐੱਮਈ ਦੌਰਾਨ ‘ਓਵਰਵਿਊ ਆਫ਼ ਜੀਐੱਲਪੀ-1 ਐਗੋਨਿਸਟ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਡੀਐੱਮਸੀ ਹਸਪਤਾਲ ਲੁਧਿਆਣਾ ਦੇ ਡਾ. ਨਵੀਨ ਮਿੱਤਲ ਡੀਐੱਮ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ ਤੇ ਜੀਐੱਲਪੀ-1 ਐਗੋਨਿਸਟ ਨਾਲ ਸਬੰਧਤ ਵੱਖ-ਵੱਖ ਮੈਡੀਕਲ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦਾ ਦੂਜਾ ਮੁੱਖ ਵਿਸ਼ਾ ‘ਡਾਇਬਟੀਜ਼ ਤੋਂ ਅੱਗੇ ਸੇਮਾਗਲੂਟਾਈਡ ਦੇ ਬਹੁ-ਪ੍ਰਣਾਲੀ ਪ੍ਰਭਾਵ’ ਰੱਖਿਆ ਗਿਆ। ਇਸ ਵਿਸ਼ੇ ’ਤੇ ਪੈਨਲ ਵਿਚਾਰ-ਵਟਾਂਦਰੇ ਰਾਹੀਂ ਸੇਮਾਗਲੂਟਾਈਡ ਨਾਲ ਜੁੜੇ ਵੱਖ-ਵੱਖ ਮੈਡੀਕਲ ਪਹਿਲੂਆਂ ’ਤੇ ਮਾਹਿਰਾਂ ਵੱਲੋਂ ਚਰਚਾ ਕੀਤੀ ਗਈ। ਪੈਨਲ ਚਰਚਾ ਦਾ ਸੰਚਾਲਨ ਆਈਐੱਮਏ ਦੇ ਪ੍ਰਧਾਨ ਡਾ. ਰਵਜੀਤ ਸਿੰਘ ਨੇ ਕੀਤਾ। ਸੀਐੱਮਈ ਵਿੱਚ ਡਾਕਟਰਾਂ ਲਈ ਨਵੀਆਂ ਦਵਾਈਆਂ ਤੇ ਇਲਾਜ ਦੇ ਵਿਕਲਪਾਂ ਨਾਲ ਸਬੰਧਤ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਜੀਐੱਲਪੀ-1 ਐਗੋਨਿਸਟ ਤੇ ਸੇਮਾਗਲੂਟਾਈਡ ਮੌਜੂਦਾ ਸਮੇਂ ਵਿੱਚ ਮੈਡੀਕਲ ਖੇਤਰ ਵਿੱਚ ਚਰਚਾ ਦੇ ਮਹੱਤਵਪੂਰਨ ਵਿਸ਼ੇ ਹਨ ਅਜਿਹੇ ਵਿਗਿਆਨਕ ਸੈਸ਼ਨ ਡਾਕਟਰਾਂ ਨੂੰ ਇਲਾਜ ਦੇ ਬਦਲਦੇ ਰੂਪ ਤੇ ਉਪਲਬਧ ਨਵੇਂ ਮੈਡੀਕਲ ਵਿਕਲਪਾਂ ਬਾਰੇ ਆਪਸੀ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ । ਪ੍ਰੋਗਰਾਮ ਰਾਹੀਂ ਆਈਐੱਮਏ ਕਪੂਰਥਲਾ ਵੱਲੋਂ ਡਾਕਟਰਾਂ ਵਿੱਚ ਨਿਰੰਤਰ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਆਧੁਨਿਕ ਮੈਡੀਕਲ ਖੇਤਰ ਵਿੱਚ ਹੋ ਰਹੇ ਬਦਲਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ ਲਈ ਯਤਨ ਕੀਤਾ ਗਿਆ। ਪੈਨਲ ਚਰਚਾ ਦੌਰਾਨ ਆਈਐੱਮਏ ਦੇ ਪ੍ਰਧਾਨ ਡਾ. ਰਵਜੀਤ ਸਿੰਘ ਨੇ ਸੇਮਾਗਲੂਟਾਈਡ ਨੂੰ ਸਿਰਫ਼ ਬਲੱਡ ਸ਼ੂਗਰ ਕੰਟਰੋਲ ਨਾਲ ਜੁੜੇ ਇਲਾਜ ਵਜੋਂ ਦੇਖਣ ਦੀ ਬਜਾਏ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ’ਤੇ ਪੈਣ ਵਾਲੇ ਇਸ ਦੇ ਪ੍ਰਭਾਵਾਂ ਦੇ ਸੰਦਰਭ ਵਿੱਚ ਚਰਚਾ ਕੀਤੀ। ਇਸ ਦੌਰਾਨ ਦਵਾਈਆਂ ਦੇ ਸੰਦਰਭ ਵਿੱਚ ਮਰੀਜ਼ ਦੀ ਸਥਿਤੀ, ਹੋਰ ਬਿਮਾਰੀਆਂ ਤੇ ਇਲਾਜ ਦੀ ਲੋੜ ਅਨੁਸਾਰ ਡਾਕਟਰੀ ਫੈਸਲਾ ਲੈਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਵਿੱਚ ਡਾਕਟਰਾਂ ਨੂੰ ਆਪੋ-ਆਪਣੇ ਤਜਰਬੇ ਸਾਂਝੇ ਕਰਨ ਤੇ ਸੇਮਾਗਲੂਟਾਈਡ ਨਾਲ ਜੁੜੇ ਵੱਖ-ਵੱਖ ਸਵਾਲਾਂ ’ਤੇ ਮਾਹਿਰਾਂ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੇ ਸਮਾਪਤੀ ਮੌਕੇ ਆਈਐੱਮਏ ਦੇ ਪ੍ਰਧਾਨ ਡਾ. ਰਵਜੀਤ ਸਿੰਘ ਤੇ ਅਹੁਦੇਦਾਰਾਂ ਨੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਤੇ ਡਾ. ਨਵੀਨ ਮਿੱਤਲ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਈਐੱਮਏ ਦੇ ਜਨਰਲ ਸਕੱਤਰ ਡਾ. ਪ੍ਰਭਜੀਤ ਔਜਲਾ, ਵਿੱਤ ਸਕੱਤਰ ਡਾ. ਡੀਕੇ ਮਿੱਤਲ, ਮੀਤ ਪ੍ਰਧਾਨ ਡਾ. ਸੁਰਿੰਦਰ ਕੁਮਾਰ, ਸੰਗਠਨ ਸਕੱਤਰ ਡਾ. ਹਰਪ੍ਰੀਤ ਮੋਮੀ, ਡਾ. ਅਰਸ਼ਦੀਪ ਕੌਰ ਮੋਮੀ, ਸਕੱਤਰ ਡਾ. ਹਰਜੀਤ ਸਿੰਘ, ਡਾ. ਬੀਐੱਸ ਮੋਮੀ, ਡਾ. ਐੱਸਐੱਸ ਗਿੱਲ, ਡਾ. ਬਰਿੰਦਰ ਕੌਰ ਗਿੱਲ, ਡਾ. ਅਮਨਪ੍ਰੀਤ ਕੌਰ, ਡਾ. ਮਮਤਾ ਪਰਾਸ਼ਰ, ਡਾ. ਸਰਤਾਜ ਸਿੰਘ, ਡਾ. ਐੱਚਐੱਲ ਮਹਮੀ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਪ੍ਰੇਮਜੀਤ ਸਿੰਘ ਥਿੰਦ, ਡਾ. ਅਮਨਦੀਪ ਸਿੰਘ, ਡਾ. ਮਧੂਸੂਦਨ ਸੰਗਰ, ਡਾ. ਰਾਜੇਸ਼ ਮੋਹਨ, ਡਾ. ਅਮਨਸੁਮਿਤ ਅਰੋੜਾ, ਡਾ. ਵਿਪਨ ਅਰੋੜਾ, ਡਾ. ਅੰਜੂ ਅਰੋੜਾ, ਡਾ. ਗੌਰਵ ਕਪੂਰ, ਪ੍ਰਭਦੀਪ ਔਲਖ, ਡਾ. ਸੰਦੀਪ ਥਿੰਦ, ਡਾ. ਪ੍ਰਮੋਦ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।