ਸਫ਼ਾਈ ਦੀ ਸਪੈਸ਼ਲ ਮੁਹਿੰਮ ਦਾ ਨਿਗਮ ਕਮਿਸ਼ਨਰ ਨੇ ਲਿਆ ਜਾਇਜ਼ਾ
ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਦੀ ਸਫ਼ਾਈ ਲਈ ਚਲਾਈ ਗਈ ਸਪੈਸ਼ਲ ਮੁਹਿੰਮ
Publish Date: Mon, 31 Aug 2026 08:57 PM (IST)
Updated Date: Mon, 31 Aug 2026 08:58 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਸ਼ਹਿਰ ਦੀ ਸਾਫ਼-ਸਫ਼ਾਈ ਨੂੰ ਮੁੱਖ ਰੱਖਦਿਆਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ। ਇਹ ਮੁਹਿੰਮ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੀ ਰਹਿਨੁਮਾਈ ਤੇ ਹੈਲਥ ਸ਼ਾਖਾ ਦੇ ਸੀਐੱਸਓ ਜਗਦੀਪ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ ਤੇ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਚਲਾਈ ਗਈ, ਜਿਸ ਤਹਿਤ ਮੁਹੱਲਾ ਮਹਿਤਾਬਗੜ੍ਹ ਸਕੂਲ ਦੇ ਨੇੜਲੇ ਪੁਆਇੰਟਾਂ ਦੀ ਵਿਸ਼ੇਸ਼ ਸਾਫ਼-ਸਫ਼ਾਈ ਕਰਵਾਈ ਗਈ। ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਆਪਣੇ ਘਰਾਂ ਦੇ ਅੰਦਰ ਤੇ ਆਲੇ-ਦੁਆਲੇ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣ। ਘਰਾਂ ਦਾ ਕੂੜਾ ਨਗਰ ਨਿਗਮ ਦੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਦਿੱਤਾ ਜਾਵੇ, ਤਾਂ ਜੋ ਗਿੱਲੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ/ਮਲੇਰੀਆ ਵਰਗੀਆਂ ਬੀਮਾਰੀਆਂ ਤੋਂ ਬਚਾਅ ਲਈ ਆਪਣੇ ਘਰਾਂ ਵਿੱਚ ਫ੍ਰਿਜਾਂ ਦੀਆਂ ਟਰੇਆਂ, ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ ਤੇ ਬਰਤਨਾਂ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਪੂਰੀਆਂ ਬਾਹਾਂ ਦੇ ਕੱਪੜੇ ਪਹਿਨ ਕੇ ਰੱਖਣ।