805 ਪੋਲਿੰਗ ਸਟੇਸ਼ਨਾਂ 'ਤੇ ਲਗਾਏ ਗਏ ਵਿਸ਼ੇਸ਼ ਕੈਂਪ 805 ਪੋਲਿੰਗ ਸਟੇਸ਼ਨਾਂ 'ਤੇ ਡਰਾਫਟ ਵੋਟਰ ਸੂਚੀਆਂ ਦੀ ਪੜਤਾਲ ਲਈ ਲਗਾਏ ਗਏ ਵਿਸ਼ੇਸ਼ ਕੈਂਪ
Publish Date: Sun, 16 Aug 2026 09:23 PM (IST)
Updated Date: Sun, 16 Aug 2026 09:24 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤ ਚੋਣ ਕਮਿਸ਼ਨ ਤੇ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਵਿਸ਼ੇਸ਼ ਗਹਿਰੀ ਸੁਧਾਈ 2026 ਤਹਿਤ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਨਾਂ ਤੇ ਵੇਰਵਿਆਂ ਦੀ ਚੈਕਿੰਗ ਤੇ ਪੜਤਾਲ ਕਰਨ ਲਈ ਵੋਟਰਾਂ ਦੀ ਸਹੂਲਤ ਵਾਸਤੇ ਸਾਰੇ 805 ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਗਏ। ਕੈਂਪਾਂ ਦੌਰਾਨ, ਬੂਥ ਲੈਵਲ ਅਫ਼ਸਰਾਂ ਨੇ ਵੋਟਰਾਂ ਲਈ ਡਰਾਫਟ ਵੋਟਰ ਸੂਚੀਆਂ ਉਪਲਬਧ ਕਰਵਾਈਆਂ ਤੇ ਉਨ੍ਹਾਂ ਦੇ ਨਾਂ, ਪਤੇ ਅਤੇ ਹੋਰ ਵੇਰਵਿਆਂ ਦੀ ਪੜਤਾਲ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਬੀਐੱਲਓਜ਼ ਨੇ ਨਾਗਰਿਕਾਂ ਨੂੰ ਚੋਣ ਸੇਵਾਵਾਂ ਤੇ ਡਰਾਫਟ ਸੂਚੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਸੂਰਤ ਵਿੱਚ ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਭ ਉਠਾਉਣ ਤੇ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ। ਜਿਹੜੇ ਨਾਗਰਿਕ ਆਪਣੇ ਵੇਰਵਿਆਂ ਵਿੱਚ ਕੋਈ ਕਮੀ ਜਾਂ ਗਲਤੀ ਪਾਉਂਦੇ ਹਨ, ਉਹ ਆਪਣੇ ਸਬੰਧਤ ਐੱਲਓਜ਼ ਨਾਲ ਸੰਪਰਕ ਕਰ ਸਕਦੇ ਹਨ ਤੇ ਨਿਰਧਾਰਤ ਸਮੇਂ ਦੇ ਅੰਦਰ ਨਿਰਧਾਰਤ ਦਾਅਵਾ ਜਾਂ ਇਤਰਾਜ਼ ਜਮ੍ਹਾਂ ਕਰਵਾ ਸਕਦੇ ਹਨ। ਪ੍ਰਸ਼ਾਸਨ ਨੇ ਕਿਹਾ ਕਿ ਵੋਟਰ ਸੂਚੀਆਂ ਨੂੰ ਸਹੀ ਅਤੇ ਅਪਡੇਟ ਰੱਖਣਾ ਯਕੀਨੀ ਬਣਾਉਣ ਲਈ ਪੜਤਾਲ ਪ੍ਰਕਿਰਿਆ ਵਿੱਚ ਵੋਟਰਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਵੋਟਰ ਮੁੱਖ ਚੋਣ ਅਧਿਕਾਰੀ, ਪੰਜਾਬ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਡਰਾਫਟ ਵੋਟਰ ਸੂਚੀ ਤੱਕ ਪਹੁੰਚ ਕਰ ਸਕਦੇ ਹਨ। ਇਹ ਵਿਸ਼ੇਸ਼ ਕੈਂਪ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ਐੱਸਆਈਆਰ 2026 ਮੁਹਿੰਮ ਦਾ ਹਿੱਸਾ ਹਨ, ਜਿਸ ਦਾ ਉਦੇਸ਼ ਇੱਕ ਪਾਰਦਰਸ਼ੀ, ਸਹੀ ਅਤੇ ਸਮਾਵੇਸ਼ੀ ਵੋਟਰ ਸੂਚੀ ਯਕੀਨੀ ਬਣਾਉਣਾ ਹੈ।