ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ: ਐੱਸਐੱਮਓ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ: ਐਸਐਮਓ ਸਬੋਧ ਕਟਾਰੀਆ
Publish Date: Wed, 01 Apr 2026 08:58 PM (IST)
Updated Date: Thu, 02 Apr 2026 04:14 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ।ਇਹ ਸ਼ਬਦ ਨਵ ਨਿਯੁਕਤ ਐਸ ਐਮ ਓ ਸਬੋਧ ਕਟਾਰੀਆ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸੀ ਐਸ ਸੀ ਸੈਂਟਰਾਂ ਦੇ ਵੀਐਲਈ ਅਤੇ ਆਸ਼ਾ ਵਰਕਰ ਅਤੇ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਦੌਰਾਨ ਕਹੇ। ਉਹਨਾਂ ਦੱਸਿਆ ਕਿ ਸ਼ਹਿਰ ਅਤੇ ਪਿੰਡਾਂ ਵਿੱਚ ਕਾਰਡ ਬਣਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਤਿੰਨ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਵੀ ਕਾਰਡ ਬਣਾ ਰਹੇ ਹਨ। ਦੂਜਾ, ਐਸਡੀਐਮ ਦਫ਼ਤਰ ਵਿਖੇ ਪੱਕਾ ਕੈਂਪ ਚੱਲ ਰਿਹਾ ਹੈ ਅਤੇ ਤੀਜਾ, ਨਗਰ ਕੌਂਸਲ (ਮਿਉਂਸਪਲ ਕਮੇਟੀ) ਦੇ ਦਫ਼ਤਰ ’ਚ ਵੀ ਲੋਕਾਂ ਦੀ ਸਹੂਲਤ ਲਈ ਕਾਰਡ ਬਣਾਏ ਜਾ ਰਹੇ ਹਨ। ਐੱਸਐੱਮਓ ਨੇ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ’ਚ ਇਹ ਕਾਰਡ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕੁਝ ਸੀਐਸਸੀ ਸੈਂਟਰਾਂ ਵਿੱਚ ਕਾਰਡ ਪ੍ਰਤੀ ਇਨ੍ਹਾਂ ਉਤਸ਼ਾਹ ਨਹੀਂ ਸੀ ਤੇ ਕਾਰਡ ਬਹੁਤ ਘੱਟ ਬਣਾਏ ਜਾ ਰਹੇ ਸਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਾਇਜ਼ਾ ਲਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਹਰ ਵਿਅਕਤੀ ਦਾ ਇਹ ਕਾਰਡ ਬਣਿਆ ਹੋਣਾ ਚਾਹੀਦਾ ਹੈ ਤਾਂ ਜੋ ਸਰੀਰ ਦੀ ਕਿਸੇ ਸਮੱਸਿਆ ਦੇ ਇਲਾਜ ਲਈ ਇਹ ਕਾਰਡ ਉਪਯੋਗ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਸਾਡੇ ਕਾਰੋਬਾਰ ਵਧੀਆ ਹੋਣਗੇ। ਸਾਡੇ ਕਾਰੋਬਾਰ ਵਧੀਆ ਹੋਣਗੇ ਤੇ ਸਾਡਾ ਪੰਜਾਬ ਤਰੱਕੀ ਕਰੇਗਾ। ਇਸ ਲਈ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਪਰਿਵਾਰ ਆਪਣਾ ਸਿਹਤ ਬੀਮਾ ਕਾਰਡ ਜ਼ਰੂਰ ਬਣਵਾਏ ਤਾਂ ਜੋ ਲੋੜ ਪੈਣ ਤੇ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕੇ। ਇਸ ਮੌਕੇ ਸੀ ਐਸ ਸੀ ਸੈਂਟਰਾਂ ਵਾਲਿਆਂ ਨੇ ਕਿਹਾ ਹੈ ਕਿ ਕਾਰਡ ਧਾਰਕਾਂ ਨੂੰ ਕਾਰਡ ਦੇਣ ਵਾਸਤੇ ਸੈਂਟਰਾਂ ਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਕਾਰਡਧਾਰਕਾਂ ਨੂੰ ਕਾਰਡ ਬਣਾ ਕੇ ਦੇ ਸਕਣ। ਉਹਨਾਂ ਕਿਹਾ ਹੈ ਕਿ ਜਦੋਂ ਲੋਕਾਂ ਨੂੰ 10 ਲੱਖ ਵਾਲੇ ਮੁਫਤ ਸਿਹਤ ਕਾਰਡ ਦਿੱਤੇ ਜਾਣਗੇ ਤਾਂ ਲੋਕ ਵੇਖ ਕੇ ਉਤਸ਼ਾਹਿਤ ਹੋ ਕੇ ਵੱਧ ਤੋਂ ਵੱਧ ਕਾਰਡ ਬਣਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰਜੀਤ ਸਿੰਘ ਫਾਰਮੇਸੀ ਅਫਸਰ, ਡਾਕਟਰ ਪ੍ਰਤਿਭਾ ,ਬਲਵਿੰਦਰ ਸਿੰਘ,ਦੀਪਕ ਕੁਮਾਰ, ਆਸ਼ੂਤੋਸ ਗੁਜਰਾਲ , ਨਿਧੀ ਗੁਜਰਾਲ, , ਜਸਵੰਤ ਸਿੰਘ , ਕਮਲਜੀਤ ਸਿੰਘ, ਸਟਾਫ ਆਦਿ ਹਾਜ਼ਰ ਸਨ।