- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ, ਸਟਰੀਟ ਲਾਈਟਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ 'ਤੇ ਹੋਵੇਗਾ ਵਿਸ਼ੇਸ਼ ਧਿਆਨ : ਚੰਦੀ\ਪੱਡਾ\ਇੰਡੀਅਨ

--ਵਾਰਡ ਨੰਬਰ 38 ਦੇ ਨਵ-ਨਿਯੁਕਤ ਕੌਂਸਲਰ ਦਿਲਜੀਤ ਕੌਰ ਵੱਲੋਂ ਵੋਟਰਾਂ ਦੇ ਧੰਨਵਾਦ ਲਈ ਕੀਤਾ ਗਿਆ ਸਮਾਗਮ ਦਾ ਆਯੋਜਨ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਵਾਰਡ ਨੰਬਰ 38 ਦੇ ਮੁਹੱਲਾ ਸੰਤਪੁਰਾ ਸਥਿਤ ਗੁਰਦੁਆਰਾ ਰੋਹੀ ਵਾਲਾ ਵਿਖੇ ਨਵ-ਨਿਯੁਕਤ ਕੌਂਸਲਰ ਦਿਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਬਿੱਟੂ ਵੱਲੋਂ ਵੋਟਰਾਂ ਦੇ ਧੰਨਵਾਦ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਨਾਲ ਹੀ ਅਕਾਲ ਪੁਰਖ ਦੇ ਚਰਨਾਂ ਵਿਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 38 ਵਿਚ ਸੀਵਰੇਜ ਪ੍ਰਬੰਧ, ਸਟਰੀਟ ਲਾਈਟਾਂ ਦੇ ਪੈਨਲ ਬਾਕਸ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਲਾਕੇ ਦੇ ਕਈ ਹਿੱਸਿਆਂ ਵਿਚ ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਦਿਨਾਂ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਦੇ ਪੈਨਲ ਬਾਕਸ ਤੇ ਬਿਜਲੀ ਪ੍ਰਬੰਧ ਨੂੰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਮੁੱਦੇ ਨਗਰ ਨਿਗਮ ਤੇ ਸਬੰਧਤ ਵਿਭਾਗਾਂ ਦੇ ਸਾਹਮਣੇ ਪ੍ਰਮੁੱਖਤਾ ਨਾਲ ਉਠਾਏ ਜਾਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਕਤ ਆਗੂਆਂ ਨੇ ਕਿਹਾ ਕਿ ਵਾਰਡ ਨੰਬਰ 38 ਦੇ ਲੋਕਾਂ ਵੱਲੋਂ ਦਿੱਤੇ ਗਏ ਵਿਸ਼ਵਾਸ ਤੇ ਸਮਰਥਨ ਲਈ ਉਹ ਇਲਾਕਾ ਵਾਸੀਆਂ ਦੇ ਧੰਨਵਾਦੀ ਹਨ। ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਤੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਧੰਨਵਾਦ ਸਮਾਗਮ ਦੌਰਾਨ ਮੌਜੂਦ ਵਾਰਡ ਵਾਸੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਤੇ ਸੁਝਾਅ ਸਾਂਝੇ ਕੀਤੇ। ਲੋਕਾਂ ਨੇ ਇਲਾਕੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ’ਤੇ ਉਕਤ ਆਗੂਆਂ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੀ ਹਰ ਜਾਇਜ਼ ਮੰਗ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣਗੇ। ਸਮਾਗਮ ਦੇ ਅੰਤ ਵਿਚ ਨਗਰ ਕੌਂਸਲਰ ਦਿਲਜੀਤ ਕੌਰ ਵੱਲੋਂ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਤੇ ਭਰੋਸਾ ਦਿਵਾਇਆ ਗਿਆ ਕਿ ਵਾਰਡ ਦੇ ਹਰ ਮੁਹੱਲੇ ਵਿਚ ਵਿਕਾਸ ਕਾਰਜਾਂ ਨੂੰ ਗਤੀ ਦੇ ਕੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਜਾਵੇਗਾ। ਇਸ ਮੌਕੇ ਨਵੀਨ ਓਬਰਾਏ ਨੇ ਸਮਾਗਮ ਵਿਚ ਸ਼ਾਮਲ ਹੋਣ ’ਤੇ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸੁਖਵੰਤ ਸਿੰਘ ਪੱਡਾ, ਗੁਰਪਾਲ ਸਿੰਘ ਇੰਡੀਅਨ ਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੰਦੀ ਸਾਹਿਬ ਸਾਡੀਆਂ ਸਮੱਸਿਆਵਾਂ ਪਿਛਲੇ 25 ਸਾਲ ਤੋਂ ਹਨ ਜੇਕਰ ਇਨ੍ਹਾਂ ਦਾ ਹੱਲ ਨਾ ਹੋਇਆ ਤਾਂ ਸਾਡਾ ਮੁਹੱਲਾ ਇਸ ਤਰ੍ਹਾਂ ਦਾ ਹੈ ਕਿ ਜੇਕਰ ਲਹਿੰਦੇ ਸੂਰਜ ਨੂੰ ਚਾੜ੍ਹ ਸਕਦਾ ਹੈ ਤਾਂ ਚੜ੍ਹਦੇ ਸੂਰਜ ਨੂੰ ਢਾਲ ਸਕਦਾ ਹੈ। ਇਸ ਮੌਕੇ ’ਤੇ ਕੌਂਸਲਰ ਗੌਰਵ ਕੰਡਾ, ਵਾਰਡ ਨੰਬਰ 35 ਦੀ ਕੌਂਸਲਰ ਪਰਮਜੀਤ ਕੌਰ, ਮਨਪ੍ਰੀਤ ਸਿੰਘ ਮੰਨਾ, ਬਲਵੰਤ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ ਝੀਤਾ, ਸੁਰਿੰਦਰ ਸਿੰਘ ਵਾਲੀਆ, ਹਰਮਨਦੀਪ ਕੌਰ, ਰਿਤਿਕਾ ਵਾਲੀਆ, ਕੁਲਦੀਪ ਸਿੰਘ, ਬੱਲੀ ਸਿੰਘ, ਆਪ ਆਗੂ ਅਮਰੀਕ ਸਿੰਘ, ਅਮਰੀਕ ਸਿੰਘ ਢਿੱਲੋਂ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।