ਸ਼੍ਰੋਮਣੀ ਅਕਾਲੀ ਦਲ (ਅ) ਨੇ ਵਿਧਾਨ ਸਭਾ ਇੰਚਾਰਜ ਕੀਤੇ ਨਿਯੁਕਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੈਪੀ ਕੌਲ ਨੂੰ ਫਗਵਾੜਾ ਅਤੇ ਦਵਿੰਦਰ ਸਿੰਘ ਖਾਲਸਾ ਨੂੰ ਫਿਲੌਰ ਵਿਧਾਨ ਸਭਾ ਦਾ ਇੰਚਾਰਜ ਕੀਤਾ ਨਿਯੁਕਤ
Publish Date: Sun, 13 Sep 2026 06:55 PM (IST)
Updated Date: Sun, 13 Sep 2026 06:56 PM (IST)
ਹੈਪੀ ਕੌਲ ਨੂੰ ਫਗਵਾੜਾ ਤੇ ਭਾਈ ਦਵਿੰਦਰ ਸਿੰਘ ਖਾਲਸਾ ਨੂੰ ਫਿਲੌਰ ਦਾ ਹਲਕਾ ਇੰਚਾਰਜ ਥਾਪਿਆ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੁਆਬੇ ਵਿੱਚ ਹੋਰ ਦੋ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਦਲ ਦੇ ਮੁੱਖ ਬੁਲਾਰੇ ਤੇ ਦੁਆਬਾ ਜ਼ੋਨ ਦੇ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਜੈ ਭੀਮ ਯੁਨਾਈਟਿਡ ਵੁਆਇਸ ਆਫ ਪੰਜਾਬ ਦੇ ਸਟੇਟ ਕੁਆਰਡੀਨੇਟਰ ਹੈਪੀ ਕੌਲ ਨੂੰ ਇੰਚਾਰਜ ਨਿਯੁਕਤ ਕਰਨ ਦਾ ਤੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਦੁਆਬਾ ਜ਼ੋਨ ਦੇ ਕੁਆਰਡੀਨੇਟਰ ਭਾਈ ਦਵਿੰਦਰ ਸਿੰਘ ਖਾਲਸਾ ਰੁੜਕਾ ਕਲਾਂ ਨੂੰ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਜੱਖੂ ਨੇ ਕਿਹਾ ਕਿ ਦਲਿਤ ਸਮਾਜ ਦੇ ਦੋਨੋਂ ਨੌਜਵਾਨ ਆਗੂ ਬੇਗਮਪੁਰਾ ਖਾਲਸਾ ਲਹਿਰ ਦੇ ਪੂਰਕ ਸਿੱਧ ਹੋਣਗੇ। ਦਲਿਤ ਸਮਾਜ ਤੇ ਸਿੱਖ ਸਮਾਜ ਦੇ ਏਕੇ ਲਈ ਯਤਨਸ਼ੀਲ ਦੋਨੋਂ ਨੌਜਵਾਨਾਂ ਨੇ ਬੇਗਮਪੁਰਾ ਖਾਲਸਾ ਲਹਿਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜੈ ਭੀਮ ਟੀਮ ਪੰਜਾਬ ਦੇ ਇਸ ਵੱਡੇ ਪ੍ਰੋਗਰਾਮਾਂ ਦੇ ਲਈ ਲਗਾਤਾਰ ਸੇਵਾਵਾਂ ਦਿੱਤੀਆਂ। ਇਸ ਏਜੰਡੇ ਨੂੰ, ਗੁਰੂ ਦੇ ਸਿਧਾਂਤ ਦੇ ਫਲਸਫੇ ਨੂੰ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਜ ਦੇ ਸਮੇਂ ਦੀ ਜ਼ਰੂਰਤ ਦੱਸਦੇ ਹੋਏ ਉਸ ਦੀ ਸਫਲਤਾ ਦੇ ਲਈ ਚੋਣ ਮੈਦਾਨ ਦੇ ਵਿੱਚ ਕੁਦਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹੈਪੀ ਕੌਲ ਤੇ ਭਾਈ ਦਵਿੰਦਰ ਸਿੰਘ ਖਾਲਸਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਰਨੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਦੋਆਬਾ ਜ਼ੋਨ ਦੇ ਇੰਚਾਰਜ ਤੇ ਮੁੱਖ ਬੁਲਾਰੇ ਤੇ ਜੈ ਭੀਮ ਟੀਮ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦਾ ਦਿੱਤੀ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਹਲਕੇ ਅੰਦਰ ਮਜ਼ਬੂਤ ਕਰਨ ਦੇ ਨਾਲ ਨਾਲ ਹਲਕੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤੇ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਜੋ ਆਉਣ ਵਾਲੀਆ ਵਿਧਾਨ ਸਭਾ ਚੋਣਾਂ ’ਚ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਸਕੇ।