ਕਮਿਊਨਿਟੀ ਸਰਵਿਸ ਪ੍ਰੋਜੈਕਟ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਕਮਿਊਨਿਟੀ ਸਰਵਿਸ ਪ੍ਰੋਜੈਕਟ ਪੂਰਾ ਕਰਨ ਵਾਲੇ ਵਿਿਦਆਰਥੀਆਂ ਨੂੰ ਸੋਮ ਪ੍ਰਕਾਸ਼ ਨੇ ਵੰਡੇ ਸਰਟੀਫਿਕੇਟ
Publish Date: Wed, 29 Jul 2026 08:31 PM (IST)
Updated Date: Wed, 29 Jul 2026 08:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਫਗਵਾੜਾ ਵਲੋਂ ਕਮਿਊਨਿਟੀ ਸਰਵਿਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ। ਅਰਬਨ ਅਸਟੇਟ ਫਗਵਾੜਾ ਵਿਖੇ ਸੰਸਥਾ ਵੱਲੋਂ ਸੰਚਾਲਿਤ ਸੈਨੇਟਰੀ ਪੈਡ ਨਿਰਮਾਣ ਯੂਨਿਟ ਵਿੱਚ ਕਲੱਬ ਦੇ ਉਪ ਪ੍ਰਧਾਨ ਹਰਜਿੰਦਰ ਗੇਗਨਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਟ ਕੀਤੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਦੀ ਸਮਾਜਿਕ ਸੇਵਾ ਵਿੱਚ ਭਾਗੀਦਾਰੀ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਸਾਬਕਾ ਮੰਤਰੀ ਨੇ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਵੱਲੋਂ ਖੂਨਦਾਨ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕਮਿਊਨਿਟੀ ਸਰਵਿਸ ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ ਨੰਦ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੋਜੈਕਟ ਦੌਰਾਨ ਸਮਾਜ ਸੇਵਾ, ਖੂਨਦਾਨ ਜਾਗਰੂਕਤਾ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈਣਾ ਸਿਖਾਇਆ ਗਿਆ। ਹਰਜਿੰਦਰ ਗੋਗਨਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਲੀਡਰਸ਼ਿਪ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਵਿਦਿਆਰਥੀਆਂ ਨਮਨ ਕ੍ਰਿਸ਼ਨ ਗੁਪਤਾ, ਹਰਪ੍ਰੀਤ ਕੌਰ, ਆਸਥਾ, ਅਗਮਜੋਤ ਸਿੰਘ, ਤਰੁਣ ਠਾਕੁਰ, ਅਕਸ਼ਿਤਾ, ਅਮਿਤ ਕੁਮਾਰ, ਯਸ਼ਵੰਤ, ਯਕਸ਼ਿਤਾ, ਮਾਧਵ ਸ਼ਰਮਾ, ਖੁਸ਼ੀ, ਵੈਭਵ ਚੋਪੜਾ, ਆਰਸ਼ੀ ਸ਼ਰਮਾ, ਸੁਖਮਨ ਕੌਰ, ਅਕਸ਼ਿਤਾ ਵਰਮਾ, ਯਸ਼ਵੰਤ ਦਸੌੜ, ਹਰਸਿਮਰਨ ਸਿੰਘ, ਰਾਜਿੰਦਰ ਸਿੰਘ, ਅਮਿਤ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਕਾਰਨ ਉਨ੍ਹਾਂ ਦੀ ਸਮਾਜ ਭਲਾਈ ਲਈ ਸੇਚ ਸਕਾਰਾਤਮਿਕ ਅਤੇ ਦ੍ਰਿੜ੍ਹ ਹੋਈ ਹੈ ਅਤੇ ਸੇਵਾ ਕਾਰਜ ਵਿੱਚ ਭਾਗ ਲੈ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਅਤੇ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ। ਅੰਤ ਵਿੱਚ ਕਲੱਬ ਵੱਲੋਂ ਸਮਾਜ ਸੇਵਾ ਅਤੇ ਸਵੈ-ਇੱਛੁਕ ਖੂਨਦਾਨ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਹੋਰ ਵੱਧ ਜੋੜਨ ਦਾ ਸੰਕਲਪ ਦੁਹਰਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਨਰੇਸ਼ ਕੁਮਾਰ, ਚੰਦਰੇਸ਼ ਕੌਲ, ਇੰਦਰਪ੍ਰੀਤ ਸਿੰਘ ਸੈਣੀ, ਅਸ਼ਵਨੀ ਸ਼ਰਮਾ ਹਾਜ਼ਰ ਸਨ।