ਮੁਕੰਦਪੁਰ ਵੱਲ ਡਾਇਵਰਟ ਕੀਤੀ ਆਵਾਜਾਈ ਕਾਰਨ ਲੱਗਾ ਜਾਮ ਟ੍ਰੈਫਿਕ ਜਾਮ ਦੌਰਾਨ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਨਿਭਾਇਆ ਅਹਿਮ ਰੋਲ
Publish Date: Thu, 20 Aug 2026 08:24 PM (IST)
Updated Date: Thu, 20 Aug 2026 08:27 PM (IST)
ਸਕੂਲੀ ਬੱਚਿਆਂ ਤੇ ਵਾਹਨ ਚਾਲਕਾਂ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਲਾਡੋਵਾਲ ਟੋਲ ਪਲਾਜ਼ਾ ’ਤੇ ਕੁਝ ਸਮੱਸਿਆ ਹੋਣ ਕਾਰਨ ਫਗਵਾੜਾ ਵਿੱਚ ਕੌਮੀ ਰਾਜ ਮਾਰਗ ’ਤੇ ਆਵਾਜਾਈ ਨੂੰ ਮੁਕੰਦਪੁਰ ਵੱਲ ਡਾਇਵਰਟ ਕੀਤੇ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ। ਲਾਡੋਵਾਲ ਟੋਲ ਪਲਾਜ਼ਾ ’ਤੇ ਕੁਝ ਸਮੱਸਿਆ ਹੋਣ ਕਾਰਨ ਕੌਮੀ ਰਾਜਮਾਰਗ ’ਤੇ ਆਵਾਜਾਈ ਦਾ ਬੋਝ ਵਧ ਗਿਆ, ਜਿਸ ਦੇ ਚਲਦਿਆਂ ਵੀਰਵਾਰ ਨੂੰ ਫਗਵਾੜਾ ਵਿੱਚ ਵੱਡਾ ਟ੍ਰੈਫਿਕ ਜਾਮ ਲੱਗ ਗਿਆ। ਦੁਪਹਿਰ ਸਮੇਂ ਜਾਮ ਦੀ ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਗਈ ਜਦੋਂ ਸਕੂਲਾਂ ਦੀਆਂ ਬੱਸਾਂ ਵੀ ਇਸ ਵਿੱਚ ਫਸ ਗਈਆਂ। ਜਾਮ ਕਾਰਨ ਸਕੂਲੀ ਬੱਚਿਆਂ ਨੂੰ ਕਾਫ਼ੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੇ ਘਰਾਂ ਤੱਕ ਪਹੁੰਚਣ ਵਿੱਚ ਦੇਰੀ ਹੋਈ। ਜਾਮ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਕੌਮੀ ਰਾਜਮਾਰਗ ਦੇ ਰਸਤੇ ਨੂੰ ਡਾਇਵਰਟ ਕਰਕੇ ਮੁਕੰਦਪੁਰ ਵੱਲ ਭੇਜਿਆ ਗਿਆ। ਪਰ ਵਾਹਨਾਂ ਦੀ ਵੱਡੀ ਗਿਣਤੀ ਕਾਰਨ ਬਦਲਵੇਂ ਰਸਤੇ ’ਤੇ ਵੀ ਆਵਾਜਾਈ ਦਾ ਦਬਾਅ ਵਧ ਗਿਆ ਅਤੇ ਕੌਮੀ ਰਾਜਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਵਿੱਚ ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਵਾਹਨ ਲੰਬੇ ਸਮੇਂ ਤੱਕ ਫਸੇ ਰਹੇ। ਇਸ ਦੌਰਾਨ ਰਾਹਗੀਰਾਂ ਅਤੇ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਤੋਂ ਹੋਰ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਦੀ ਮੰਗ ਕੀਤੀ। ਲਾਡੋਵਾਲ ਟੋਲ ਪਲਾਜ਼ਾ ਬੰਦ ਹੋਣ ਕਾਰਨ ਪੈਦਾ ਹੋਈ ਇਸ ਸਥਿਤੀ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਕੌਮੀ ਰਾਜਮਾਰਗ ’ਤੇ ਕਿਸੇ ਵੀ ਵੱਡੀ ਰੁਕਾਵਟ ਦਾ ਸਿੱਧਾ ਪ੍ਰਭਾਵ ਫਗਵਾੜਾ ਦੀ ਆਵਾਜਾਈ ’ਤੇ ਪੈਂਦਾ ਹੈ। ਇਸ ਸਬੰਧੀ ਜਦੋਂ ਐੱਸਐੱਚਓ ਟਰੈਫਿਕ ਪੁਲਿਸ ਫਗਵਾੜਾ ਅਮਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ ਕੁਝ ਸਮਸਿਆ ਹੋਣ ਕਾਰਨ ਉਨ੍ਹਾਂ ਨੂੰ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਫਗਵਾੜਾ ਦੇ ਟਰੈਫਿਕ ਨੂੰ ਵਾਇਆ ਮੁਕੰਦਪੁਰ ਡਾਈਵਰਟ ਕੀਤਾ ਜਾਵੇ। ਇਸ ਦੇ ਚੱਲਦਿਆਂ ਟਰੈਫਿਕ ਪੁਲਿਸ ਵੱਲੋਂ ਕੁਝ ਸਮੇਂ ਲਈ ਟਰੈਫਿਕ ਨੂੰ ਮੁਕੰਦਪੁਰ ਰੂਟ ਵੱਲ ਮੋੜਿਆ ਗਿਆ। ਐੱਸਐੱਚਓ ਅਮਨ ਸ਼ਰਮਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਸਥਿਤੀ ਵਿੱਚ ਸੁਧਾਰ ਆਉਣ ’ਤੇ ਕੌਮੀ ਰਾਜਮਾਰਗ ’ਤੇ ਟਰੈਫਿਕ ਨੂੰ ਮੁੜ ਸਿੱਧਾ ਚਾਲੂ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਵੱਲੋਂ ਸਥਿਤੀ ਅਨੁਸਾਰ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਟਰੈਫਿਕ ਡਾਈਵਰਸ਼ਨ ਕਾਰਨ ਕੁਝ ਸਮੇਂ ਲਈ ਮੁਕੰਦਪੁਰ ਰੂਟ ’ਤੇ ਵੀ ਵਾਹਨਾਂ ਦੀ ਆਵਾਜਾਈ ਵਧੀ, ਜਿਸ ਨਾਲ ਰਾਹਗੀਰਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕੌਮੀ ਰਾਜਮਾਰਗ ’ਤੇ ਟਰੈਫਿਕ ਮੁੜ ਬਹਾਲ ਹੋਣ ਤੋਂ ਬਾਅਦ ਆਵਾਜਾਈ ਆਮ ਹੋਣ ਲੱਗੀ। ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਨਿਭਾਇਆ ਅਹਿਮ ਰੋਲ ਇਸ ਦੌਰਾਨ ਜਿੱਥੇ ਵਾਹਨ ਚਾਲਕ ਕਾਫ਼ੀ ਸਮੇਂ ਤੱਕ ਜਾਮ ਵਿੱਚ ਫਸੇ ਰਹੇ, ਉੱਥੇ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਲੋਕਾਂ ਦੀ ਮਦਦ ਲਈ ਖੁਦ ਅੱਗੇ ਆ ਕੇ ਅਹਿਮ ਭੂਮਿਕਾ ਨਿਭਾਈ। ਜਾਮ ਦੀ ਸਥਿਤੀ ਨੂੰ ਦੇਖਦਿਆਂ ਸ਼ਰਨਜੀਤ ਸਿੰਘ ਨੇ ਆਪਣੀ ਗੱਡੀ ਸਾਈਡ ’ਤੇ ਲਗਾਈ ਅਤੇ ਖੁਦ ਸੜਕ ’ਤੇ ਖੜ੍ਹ ਕੇ ਵਾਹਨ ਚਾਲਕਾਂ ਨੂੰ ਬਦਲਵਾਂ ਰਸਤਾ ਦੱਸਿਆ ਤਾਂ ਜੋ ਉਹ ਜਾਮ ਤੋਂ ਬਚ ਕੇ ਆਪਣੀ ਮੰਜ਼ਿਲ ਵੱਲ ਜਾ ਸਕਣ। ਉਨ੍ਹਾਂ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨਾਲ ਕਈ ਵਾਹਨ ਚਾਲਕਾਂ ਨੂੰ ਰਾਹਤ ਮਿਲੀ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਮੌਕੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦਾ ਮਤਲਬ ਸਿਰਫ਼ ਕਿਸੇ ਲੋੜਵੰਦ ਨੂੰ ਰਾਸ਼ਨ ਜਾਂ ਅਨਾਜ ਦੇਣਾ ਹੀ ਨਹੀਂ ਹੈ। ਅਸਲ ਸਮਾਜ ਸੇਵਾ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਮੁਸ਼ਕਲ ਸਮੇਂ ਸਹਿਯੋਗ ਅਤੇ ਮਦਦ ਦੀ ਲੋੜ ਹੋਵੇ ਅਤੇ ਅਸੀਂ ਆਪਣੀ ਸਮਰੱਥਾ ਅਨੁਸਾਰ ਉਸ ਦੀ ਮਦਦ ਲਈ ਅੱਗੇ ਆਈਏ। ਸ਼ਰਨਜੀਤ ਸਿੰਘ ਵੱਲੋਂ ਜਾਮ ਦੌਰਾਨ ਆਪਣੀ ਗੱਡੀ ਇਕ ਪਾਸੇ ਖੜ੍ਹੀ ਕਰਕੇ ਲੋਕਾਂ ਦੀ ਆਵਾਜਾਈ ਸੁਚਾਰੂ ਬਣਾਉਣ ਵਿੱਚ ਕੀਤੇ ਸਹਿਯੋਗ ਦੀ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮੁਸ਼ਕਲ ਸਮੇਂ ਵਿੱਚ ਇੱਕ-ਦੂਜੇ ਦੀ ਮਦਦ ਕਰਨਾ ਹੀ ਸੱਚੀ ਇਨਸਾਨੀਅਤ ਅਤੇ ਸਮਾਜ ਸੇਵਾ ਹੈ।