- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵੀ ਅਤੇ ਰੇਲਵੇ ਅਧਿਕਾਰੀ ਇੰਜੀ. ਜੀਤ ਸਿੰਘ 30 ਨੂੰ ਹੋਣਗੇ ਸੇਵਾਮੁਕਤ

ਸੁੱਖੀ ਟਿੱਬਾ, ਪੰਜਾਬੀ ਜਾਗਰਣ
ਕਪੂਰਥਲਾ : ਆਲ ਇੰਡੀਆ ਐੱਸਸੀ/ਐੱਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਉੱਘੇ ਆਗੂ, ਮਿਹਨਤੀ, ਇਮਾਨਦਾਰ ਤੇ ਫੂਲੇ-ਅੰਬੇਡਕਰੀ ਵਿਚਾਰਧਾਰਾ ਦੇ ਧਾਰਨੀ ਇੰਜੀ. ਜੀਤ ਸਿੰਘ ਆਪਣੀ 39 ਸਾਲਾਂ ਦੀ ਬੇਮਿਸਾਲ ਰੇਲ ਸਰਵਿਸ ਪੂਰੀ ਕਰਨ ਉਪਰੰਤ 30 ਸਤੰਬਰ 2026 ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਰੇਲਵੇ ਐਸੋਸੀਏਸ਼ਨ ਵਿੱਚ ਜ਼ੋਨਲ ਖਜ਼ਾਨਚੀ, ਜ਼ੋਨਲ ਆਡੀਟਰ, ਜ਼ੋਨਲ ਲੀਗਲ ਐਡਵਾਈਜ਼ਰ ਤੇ ਜ਼ੋਨਲ ਪ੍ਰਧਾਨ ਵਰਗੇ ਕਈ ਅਹਿਮ ਅਹੁਦਿਆਂ 'ਤੇ ਰਹਿ ਕੇ ਸਮਾਜ ਤੇ ਮੁਲਾਜ਼ਮਾਂ ਦੀ ਅਣਥੱਕ ਸੇਵਾ ਕੀਤੀ ਹੈ। ਇੰਜੀ. ਜੀਤ ਸਿੰਘ ਸਰਕਾਰੀ ਸੇਵਾ ਦੇ ਨਾਲ-ਨਾਲ ਸਮਾਜਿਕ ਤੇ ਮਾਨਵਤਾਵਾਦੀ ਕੰਮਾਂ ਵਿੱਚ ਵੀ ਮੋਹਰੀ ਰਹੇ ਹਨ। ਉਹ 'ਕੋਸ਼ਿਸ਼ ਬਲੱਡ ਡੋਨੇਸ਼ਨ ਕਮੇਟੀ (ਆਰਸੀਐੱਫ)' ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਤੇ ਹੁਣ ਤੱਕ 39 ਵਾਰ ਖ਼ੂਨਦਾਨ ਕਰਕੇ ਕੀਮਤੀ ਜਾਨਾਂ ਬਚਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ)' ਦੇ ਪ੍ਰਧਾਨ, 'ਟੀਮ ਵਿਜ਼ਨ (ਪੰਜਾਬ)' ਥਿੰਕ ਟੈਂਕ ਦੀ ਕਾਰਜਕਾਰਨੀ ਦੇ ਮੈਂਬਰ ਤੇ ਡਾਕਟਰ ਬੀਆਰ ਅੰਬੇਡਕਰ ਬੁੱਧ ਵਿਹਾਰ ਦੇ ਟਰੱਸਟੀ ਵੀ ਹਨ। ਸਮਾਜ ਵਿੱਚ ਸਿੱਖਿਆ ਦੀ ਰੌਸ਼ਨੀ ਫੈਲਾਉਣ ਲਈ ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ 14 ਲਾਇਬ੍ਰੇਰੀਆਂ ਖੋਲ੍ਹਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਦਿਨੀਂ 19 ਸਤੰਬਰ 2026 ਨੂੰ ਪਿੰਡ ਬੂਲਪੁਰ ’ਚ 6ਵੀਂ ਲਾਇਬ੍ਰੇਰੀ ਦਾ ਉਦਘਾਟਨ ਆਲ ਇੰਡੀਆ ਅਨੁਸੂਚਿਤ ਜਨਜਾਤੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਬੀਐੱਲ ਬੈਰਵਾ ਜੀ ਦੇ ਕਰ-ਕਮਲਾਂ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਸਮਾਜ ਦੇ ਮਹਾਂਪੁਰਖਾਂ ਦੇ ਜੀਵਨ 'ਤੇ ਲਗਭਗ 15 ਪੁਸਤਕਾਂ ਲਿਖ ਕੇ ਸਮਾਜ ਨੂੰ ਮੁਫ਼ਤ ਭੇਟ ਕੀਤੀਆਂ ਹਨ।