ਦਿੱਲੀ ’ਚ ਵਿਦਿਆਰਥੀਆਂ ’ਤੇ ਅੱਤਿਆਚਾਰ ਖ਼ਿਲਾਫ਼ ਸਮਾਜਿਕ ਜਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ ਦਿੱਲੀ ‘ਚ ਵਿਿਦਆਰਥੀਆਂ ‘ਤੇ ਬੇਰਹਿਮ ਅਤਿਆਚਾਰ ਖਿਲਾਫ ਸਮਾਜਿਕ ਜਥੇਬੰਦੀਆਂ ਨੇ ਕੀਤਾ ਜਬਰਦਸਤ ਰੋਸ ਮੁਜਾਹਰ
Publish Date: Wed, 22 Jul 2026 07:51 PM (IST)
Updated Date: Wed, 22 Jul 2026 07:52 PM (IST)
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਕੀਤੀ ਮੰਗ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੇਪਰ ਲੀਕ ਮਾਮਲੇ ’ਚ ਕੇਂਦਰ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਆਰਥੀਆਂ ਅਤੇ ਨਿਆਂ ਪਸੰਦ ਸਮਰਥਕਾਂ ਉੱਤੇ ਕੇਂਦਰ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਅੱਤਿਆਚਾਰ ਖਿਲਾਫ ਅੱਜ ਫਗਵਾੜਾ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਸਮੂਹ ਜਥੇਬੰਦੀਆਂ ਦੇ ਕਾਰਕੁੰਨ ਤੇ ਨਿਆਂ ਪਸੰਦ ਲੋਕਾਂ ਦਾ ਇਕੱਠ ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਹੋਇਆ। ਇਸ ਇਕੱਠ ਨੂੰ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਫਗਵਾੜਾ, ਸਵਿੱਤਰੀ ਬਾਈ ਫੂਲੇ ਸੁਸਾਇਟੀ ਦੀ ਕਾਰਕੁੰਨ ਗੀਤਾਂਜਲੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਕੀਤਾ ਅੱਤਿਆਚਾਰ ਬਹੁਤ ਹੀ ਨਿੰਦਣਯੋਗ ਅਤੇ ਲੋਕਤੰਤਰ ਦਾ ਘਾਣ ਹੈ। ਇਸ ਵਹਿਸ਼ੀ ਤੇ ਦਰਿੰਦਗੀ ਭਰੇ ਅੱਤਿਆਚਾਰ ਖਿਲਾਫ ਅੱਜ ਸਮੂਹ ਦੇਸ਼ ਵਾਸੀਆਂ ਨੂੰ ਸਮੂਹਿਕ ਤੌਰ ’ਤੇ ਆਵਾਜ਼ ਬੁਲੰਦ ਕਰਨ ਦੀ ਸਖਤ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਤੇ ਸਤਿਕਾਰ ਦੇਣ ਦੀ ਬਜਾਏ ਸਮੇਂ ਦੇ ਬੇਰਹਿਮ ਹਾਕਮ ਜਬਰ ਜੁਲਮ ਕਰਨ ਦੇ ਰਾਹ ’ਤੇ ਅੱਗੇ ਵਧ ਰਹੇ ਹਨ। ਹਕੂਮਤ ਦੀ ਮਾਨਸਿਕਤਾ ਸੰਵਿਧਾਨ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਨਿਰਾਦਰ ਕਰਨ ਵਾਲੀ ਹੈ। ਭਰਵੇਂ ਇਕੱਠ ਨੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ’ਚ ਬੈਨਰ ‘ਤਖ਼ਤੀਆਂ ਚੁਕ ਕਰ ਨਿਕਲੋ ਬਾਹਰ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ, ਜ਼ਾਲਮ ਕੇਂਦਰ ਸਰਕਾਰ ਮੁਰਦਾਬਾਦ, ਸੰਘਰਸ਼ ਕਰਦੇ ਲੋਕ ਜ਼ਿੰਦਾਬਾਦ’ ਆਦਿ ਨਾਅਰੇ ਬੁਲੰਦ ਕੀਤੇ। ਮੁਜ਼ਾਹਰਾਕਾਰੀਆਂ ਨੇ ਜੀਟੀ ਰੋਡ ਤੱਕ ਮਾਰਚ ਕਰਕੇ ਰੈਸਟ ਹਾਉਸ ਦੇ ਸਾਹਮਣੇ ਮਨੁੱਖੀ ਚੇਨ ਬਣਾਈ ਅਤੇ ਕਾਫੀ ਦੇਰ ਵਿਰੋਧ ਪ੍ਰਦਰਸ਼ਨ ਉਪਰੰਤ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫਾ ਲਿਆ ਜਾਵੇ ਅਤੇ ਵਹਿਸ਼ੀ ਢੰਗ ਨਾਲ ਲਾਠੀਚਾਰਜ ਕਰਨ ਵਾਲੇ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਇਕੱਠ ਵਿੱਚ ਵਿਸ਼ੇਸ਼ ਤੌਰ ’ਤੇ ਭਗਵਾਨ ਵਾਲਮਕਿ ਐਕਸ਼ਨ ਕਮੇਟੀ ਤੋ ਧਰਮਵੀਰ ਸੇਠੀ, ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਤੋਂ ਘਣਸ਼ਿਆਮ, ਯੂਵਾ ਵਿਕਾਸ ਮੋਰਚਾ ਤੋ ਅਨੂੰ ਸਹੋਤਾ, ਗੁਰੂ ਰਵਿਦਾਸ ਟਾਈਗਰ ਫੋਰਸ ਤੋਂ ਯਸ਼ ਬਰਨਾ, ਕੌਂਸਲਰ ਚਿਰੰਜੀ ਲਾਲ ਪ੍ਰਧਾਨ ਬਸਪਾ ਫਗਵਾੜਾ, ਇੰਡੀਅਨ ਯੂਥ ਵੈਲਫੇਅਰ ਸੁਸਾਇਟੀ ਦੇ ਕਾਸ਼ਿਫ ਰਹਿਮਾਨ, ਬਲਵਿੰਦਰ ਬੋਧ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਮਨਜੀਤ ਮਾਨ ਸਰਪੰਚ ਗੰਢਵਾ, ਕੁਲਦੀਪ ਸਰਪੰਚ ਜਗਤਪੁਰ ਜੱਟਾ, ਧਰਮਵੀਰ ਬੋਧ ਮਨੀ ਅੰਬੇਡਕਰੀ, ਸੋਦਾਗਰ ਅੰਬੇਡਕਰੀ, ਮਾਸਟਰ ਸੁਖਦੇਵ, ਦੀਪਾ ਸੰਤੋਖਪੁਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਜਥੇਬੰਦੀਆ ਦੇ ਮੈਬਰ ਤੇ ਅਹੁਦੇਦਾਰ ਸ਼ਾਮਲ ਸਨ।