ਲਗਾਤਾਰ ਤੇ ਲੰਬੇ ਬਿਜਲੀ ਕੱਟ ਚਿੰਤਾ ਦਾ ਵਿਸ਼ਾ ਫਗਵਾੜਾ ਵਿੱਚ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ’ਤੇ ਸਮਾਜ ਸੇਵੀਆਂ ਨੇ ਜਤਾਈ ਚਿੰਤਾ
Publish Date: Tue, 18 Aug 2026 07:12 PM (IST)
Updated Date: Tue, 18 Aug 2026 07:15 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਕਈ-ਕਈ ਘੰਟਿਆਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਜਿੱਥੇ ਆਮ ਲੋਕਾਂ ਨੂੰ ਭਿਆਨਕ ਗਰਮੀ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੁਕਾਨਦਾਰਾਂ, ਵਪਾਰੀਆਂ, ਛੋਟੇ ਉਦਯੋਗਾਂ ਤੇ ਬਿਜਲੀ ’ਤੇ ਨਿਰਭਰ ਹੋਰ ਕਾਰੋਬਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਗੰਭੀਰ ਸਮੱਸਿਆ ’ਤੇ ਖੱਤਰੀ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ, ਭਾਜਪਾ ਐੱਨਜੀਓ ਸੈੱਲ ਪੰਜਾਬ ਦੇ ਕਾਰਜਕਾਰੀ ਮੈਂਬਰ, ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕਰਪਸ਼ਨ ਸੈੱਲ) ਦੇ ਸੂਬਾ ਪ੍ਰਧਾਨ, ਵਿਸ਼ਵ ਹਿੰਦੂ ਸੰਘ ਦੇ ਸਾਬਕਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਤੇ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਮੈਂਬਰ, ਪੰਜਾਬ ਹਿੰਦੂ ਗਰੁੱਪ ਦੇ ਸੂਬਾ ਮੈਂਬਰ ਤੇ ਜਲੰਧਰ ਜ਼ੋਨ ਕੋਆਰਡੀਨੇਟਰ ਤੇ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨੇਹਰਾ ਤੇ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਰਮਨ ਨੇਹਰਾ ਤੇ ਨੰਦ ਸੋਨੀ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਬਿਜਲੀ ਲੋਕਾਂ ਦੀ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ। ਅਜਿਹੇ ਸਮੇਂ ਵਿੱਚ ਵਾਰ-ਵਾਰ ਅਤੇ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣਾ ਆਮ ਜਨਤਾ ਲਈ ਬੇਹੱਦ ਪ੍ਰੇਸ਼ਾਨੀ ਦਾ ਕਾਰਨ ਹੈ। ਬਿਜਲੀ ਬੰਦ ਹੋਣ ਕਾਰਨ ਘਰਾਂ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਪ੍ਰੇਸ਼ਾਨ ਹੁੰਦੇ ਹਨ, ਜਦਕਿ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦਾ ਪ੍ਰਭਾਵ ਸਿਰਫ਼ ਘਰੇਲੂ ਖਪਤਕਾਰਾਂ ਤੱਕ ਸੀਮਤ ਨਹੀਂ ਹੈ। ਬਿਜਲੀ ’ਤੇ ਨਿਰਭਰ ਛੋਟੇ ਉਦਯੋਗ, ਵਰਕਸ਼ਾਪਾਂ, ਦੁਕਾਨਾਂ, ਸਾਈਬਰ ਕੈਫੇ, ਮੈਡੀਕਲ ਸਟੋਰ, ਦਫ਼ਤਰ ਅਤੇ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਹਨ। ਲਗਾਤਾਰ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਨਾਲ ਕੰਮ ਰੁਕ ਜਾਂਦਾ ਹੈ ਅਤੇ ਕਈ ਵਾਰ ਜ਼ਰੂਰੀ ਇਲੈਕਟ੍ਰਾਨਿਕ ਉਪਕਰਨਾਂ ਨੂੰ ਨੁਕਸਾਨ ਪਹੁੰਚਣ ਦਾ ਵੀ ਖਦਸ਼ਾ ਰਹਿੰਦਾ ਹੈ। ਰਮਨ ਨੇਹਰਾ ਤੇ ਨੰਦ ਸੋਨੀ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਫਗਵਾੜਾ ਵਿੱਚ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਦਾ ਗੰਭੀਰਤਾ ਨਾਲ ਨੋਟਿਸ ਲਿਆ ਜਾਵੇ ਤੇ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।