
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸਐਨਏ ਸਪਰਸ਼ ਪੋਰਟਲ ਕਾਰਨ ਮਿਡ-ਡੇ ਮੀਲ ਚਲਾਉਣਾ ਹੋਇਆ ਔਖਾ, ਅਧਿਆਪਕਾਂ ਨੇ ਜਤਾਇਆ ਰੋਸ

ਅਧਿਆਪਕਾਂ ਨੇ ਜਤਾਇਆ ਰੋਸ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਈਟੀਟੀ ਅਧਿਆਪਕ ਯੂਨੀਅਨ ਕਪੂਰਥਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਕੂਲਾਂ ਵਿੱਚ ਮਿਡ-ਡੇ ਮੀਲ ਦੇ ਪ੍ਰਬੰਧਾਂ ਤੇ ਐੱਸਐੱਨਏ ਸਪਰਸ਼ ਪੋਰਟਲ ਸਬੰਧੀ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਈ ਸਕੂਲਾਂ ਨੂੰ ਮਿਡ-ਡੇ ਮੀਲ ਦੀਆਂ ਅਦਾਇਗੀਆਂ ਨਹੀਂ ਮਿਲੀਆਂ ਹਨ, ਜਿਸ ਕਾਰਨ ਅਧਿਆਪਕਾਂ ਨੂੰ ਆਪਣੇ ਪੱਧਰ ’ਤੇ ਪੈਸੇ ਖਰਚ ਕਰਕੇ ਮਿਡ-ਡੇ ਮੀਲ ਚਲਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਹੁਣ ਐੱਸਐੱਨਏ ਸਪਰਸ਼ ਪੋਰਟਲ ਤਹਿਤ ਪ੍ਰਾਇਮਰੀ ਸਕੂਲਾਂ ਦੀਆਂ ਆਈਡੀਜ਼ ਸਕੂਲ ਪੱਧਰ ਤੋਂ ਬੰਦ ਕਰਕੇ ਬਲਾਕ ਪੱਧਰ ’ਤੇ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਵੀਂ ਵਿਵਸਥਾ ਤਹਿਤ ਮਿਡ-ਡੇ ਮੀਲ ਦੀ ਅਦਾਇਗੀ ਸਕੂਲ ਪੱਧਰ ਦੀ ਬਜਾਏ ਬਲਾਕ ਪੱਧਰ ’ਤੇ ਹੋਵੇਗੀ। ਇਸ ਦੇ ਨਾਲ ਹੀ ਸਾਰੇ ਬਿੱਲ ਨਿਯਮਤ ਜੀਐੱਸਟੀ ਨੰਬਰ ਵਾਲੀਆਂ ਦੁਕਾਨਾਂ ਤੋਂ ਹੋਣੇ ਲਾਜ਼ਮੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਬਹੁਤੇ ਪ੍ਰਾਇਮਰੀ ਸਕੂਲ ਕਰਿਆਨੇ ਦਾ ਸਮਾਨ ਸਥਾਨਕ ਦੁਕਾਨਾਂ ਤੋਂ ਖਰੀਦਦੇ ਹਨ, ਜਿੱਥੇ ਨਿਯਮਤ ਜੀਐੱਸਟੀ ਨੰਬਰ ਨਹੀਂ ਹੁੰਦਾ। ਇਸ ਤੋਂ ਇਲਾਵਾ ਸਬਜ਼ੀਆਂ, ਫਲ, ਦੁੱਧ, ਦਹੀਂ ਤੇ ਗੈਸ ਸਿਲੰਡਰ ਆਦਿ ਦੀ ਖਰੀਦ ਲਈ ਵੀ ਹਰ ਵਾਰ ਜੀਐੱਸਟੀ ਵਾਲਾ ਬਿੱਲ ਮਿਲਣਾ ਸੰਭਵ ਨਹੀਂ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਨੂੰ ਜੀਐੱਸਟੀ ਵਾਲੇ ਬਿੱਲ ਦੀ ਇਸ ਸ਼ਰਤ ਤੋਂ ਛੋਟ ਦਿੱਤੀ ਜਾਵੇ ਤੇ ਸਕੂਲਾਂ ਦੀਆਂ ਆਈਡੀਜ਼ ਮੁੜ ਸਕੂਲ ਪੱਧਰ ’ਤੇ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਨੂੰ ਮਿਡ-ਡੇ ਮੀਲ ਦੀ ਅਦਾਇਗੀ ਕਰਨ ਦਾ ਅਧਿਕਾਰ ਦਿੱਤਾ ਜਾਵੇ, ਤਾਂ ਜੋ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਵਿੱਚ ਮੁਸ਼ਕਲ ਨਾ ਆਵੇ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਿਡ-ਡੇ ਮੀਲ ਬੰਦ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਮੀਟਿੰਗ ਵਿੱਚ ਜਨਰਲ ਸਕੱਤਰ ਕੁਲਦੀਪ ਸਿੰਘ, ਵਿੱਤ ਸਕੱਤਰ ਸਰਬਜੀਤ ਸਿੰਘ, ਬਲਾਕ ਪ੍ਰਧਾਨ ਭੁਲੱਥ ਰੇਸ਼ਮ ਲਾਲ, ਦਵਿੰਦਰ ਸਿੰਘ ਮੁਹੱਬਲੀਪੁਰ, ਕਮਲਜੀਤ ਸਿੰਘ, ਅਮਨਦੀਪ ਸਿੰਘ, ਸਪਨਾ ਤੇ ਰਾਜਦੀਪ ਸਮੇਤ ਹੋਰ ਅਧਿਆਪਕ ਹਾਜ਼ਰ ਸਨ।