175 ਪੋਲਿੰਗ ਬੂਥਾਂ ’ਤੇ ਐੱਸਆਈਆਰ ਸਬੰਧੀ ਵਿਸ਼ੇਸ਼ ਕੈਂਪ ਮੁਕੰਮਲ ਹਲਕਾ ਭੁਲੱਥ 26 ਦੇ 175 ਪੋਲਿੰਗ ਬੂਥਾਂ 'ਤੇ ਐਸ.ਆਈ.ਆਰ. ਵਿਸ਼ੇਸ਼ ਕੈਂਪ ਮੁਕੰਮਲ
Publish Date: Sun, 19 Jul 2026 08:57 PM (IST)
Updated Date: Sun, 19 Jul 2026 08:58 PM (IST)
ਤਹਿਸੀਲਦਾਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਕੈਂਪਾਂ ਦਾ ਨਿਰੀਖਣ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਐੱਸਡੀਐੱਮ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ 26 ਦੇ 175 ਪੋਲਿੰਗ ਬੂਥਾਂ ’ਤੇ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸਆਈਆਰ) ਅਧੀਨ ਲਗਾਇਆ ਗਿਆ। ਇਸ ਵਿੱਚ ਅਸੈਂਬਲੀ ਕੋਆਰਡੀਨੇਟਰ ਬਲਬੀਰ ਧਾਲੀਵਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੱਜ ਇਹ ਵਿਸ਼ੇਸ਼ ਕੈਂਪ ਮੁਕੰਮਲ ਹੋ ਗਿਆ। ਇਹ ਕੈਂਪ ਐੱਸਆਈਆਰ ਤਹਿਤ ਗਣਨਾ ਫਾਰਮ ਇਕੱਤਰ ਕਰਨ ਅਤੇ ਉਨ੍ਹਾਂ ਦੀ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਗਾਏ ਗਏ ਹਨ। ਇਹ ਕੈਂਪ 19 ਜੁਲਾਈ ਨੂੰ ਵੀ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਿਹਾ, ਜਿਸ ਦੌਰਾਨ ਫ਼ਾਰਮ ਜਮਾਂ ਕਰਵਾਉਣ ਤੋਂ ਰਹਿ ਚੁੱਕੇ ਯੋਗ ਵੋਟਰਾਂ ਵਲੋਂ ਆਪਣੇ ਜਨਗਣਨਾ ਫਾਰਮ ਜਮ੍ਹਾਂ ਕਰਵਾਏ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕਰਨਾ ਸੀ। ਜਿਨ੍ਹਾਂ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨੇ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ ਕਰ ਲਿਆ ਹੈ, ਉਹ ਜਮ੍ਹਾਂ ਹੋਏ ਫਾਰਮਾਂ ਵਿੱਚ ਰਹਿ ਗਈਆਂ ਕਮੀਆਂ ਅਤੇ ਤਰੁੱਟੀਆਂ ਨੂੰ ਦੂਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਜਿਨ੍ਹਾਂ ਪੋਲਿੰਗ ਬੂਥਾਂ ’ਤੇ ਵੱਡੀ ਗਿਣਤੀ ਵਿੱਚ ਗਿਣਨਾ ਫਾਰਮ ਇਕੱਤਰ ਹੋ ਚੁੱਕੇ ਹਨ ਪਰ ਡਿਜੀਟਾਈਜ਼ੇਸ਼ਨ ਦਾ ਕੰਮ ਬਾਕੀ ਹੈ, ਉੱਥੇ ਡਿਜੀਟਾਈਜ਼ੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਜਿਨ੍ਹਾਂ ਖੇਤਰਾਂ ਵਿੱਚ ਤੁਲਨਾਤਮਕ ਤੌਰ ’ਤੇ ਘੱਟ ਫਾਰਮ ਪ੍ਰਾਪਤ ਹੋਏ ਹਨ, ਉੱਥੇ ਬੀਐੱਲਓਜ਼ ਵੱਲੋਂ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਕੀਤਾ ਜਾ ਰਿਹਾ ਹੈ ਤਾਂ ਜੋ ਪੂਰੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਕੈਂਪ ਦੇ ਸੁਚਾਰੂ ਸੰਚਾਲਨ ਲਈ ਸਬੰਧਤ ਸਕੂਲਾਂ ਦੇ ਸਟਾਫ਼, ਮਾਲ ਪਟਵਾਰੀਆਂ, ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸਮੂਹ ਏਐੱਲਐੱਮਟੀ/ਡੀਐੱਲਐੱਮਟੀ ਕਰਮਚਾਰੀਆਂ ਨੂੰ ਬੀਐੱਲਓਜ਼ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਇਹ ਕਰਮਚਾਰੀ ਵੋਟਰਾਂ ਨੂੰ ਗਿਣਨਾ ਫਾਰਮ ਸਹੀ ਢੰਗ ਨਾਲ ਭਰਨ ਅਤੇ ਉਨ੍ਹਾਂ ਦੀ ਤੁਰੰਤ ਡਿਜੀਟਾਈਜ਼ੇਸ਼ਨ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ। ਭੁਲੱਥ ਦੇ ਤਹਿਸੀਲਦਾਰ ਵਰਿੰਦਰ ਭਾਟੀਆ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵਿਸ਼ੇਸ਼ ਕੈਂਪਾਂ ਦਾ ਨਿਰੀਖਣ ਕੀਤਾ। ਉਨ੍ਹਾਂ ਅੱਜ ਰਹਿ ਚੁੱਕੇ ਵੋਟਰਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ’ਤੇ ਤਸੱਲੀ ਪ੍ਰਗਟ ਕਰਦਿਆਂ ਬਾਕੀ ਰਹਿੰਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਗਣਨਾ ਫਾਰਮ ਜਮ੍ਹਾਂ ਕਰਵਾਉਣ ਤਾਂ ਜੋ ਆਖਰੀ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਤਹਿਸੀਲਦਾਰ ਵਰਿੰਦਰ ਭਾਟੀਆ, ਅਸੈਂਬਲੀ ਕੋਆਰਡੀਨੇਟਰ ਬਲਬੀਰ ਧਾਲੀਵਾਲ, ਰੀਡਰ ਤਰਸੇਮ ਸਿੰਘ, ਸੁਪਰਵਾਈਜ਼ਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।