ਪਿਆਰ ਤੇ ਸਾਦਗੀ ਨਾਲ ਸਜਾਏ ਗਏ ਨਿਰੰਕਾਰੀ ਸਮੂਹਿਕ ਵਿਆਹ ਪਿਆਰ, ਸਾਦਗੀ ਅਤੇ ਏਕਤਾ ਦੀ ਦੈਵੀ ਭਾਵਨਾ ਨਾਲ ਸਜਾਏ ਗਏ ਸਾਦੇ ਨਿਰੰਕਾਰੀ ਸਮੂਹਿਕ ਵਿਆਹ
Publish Date: Sun, 01 Nov 2026 09:15 PM (IST)
Updated Date: Sun, 01 Nov 2026 09:17 PM (IST)
--126 ਨਵ-ਵਿਆਹੇ ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ -ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਦਿੱਤਾ ਆਸ਼ੀਰਵਾਦ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਿੱਥੇ ਸਤਿਗੁਰੂ ਦੇ ਪਵਿੱਤਰ ਆਸ਼ੀਰਵਾਦ, ਪਿਆਰ ਤੇ ਅਧਿਆਤਮਿਕਤਾ ਦਾ ਸੁਮੇਲ ਹੁੰਦਾ ਹੈ, ਉੱਥੇ ਹਰ ਸ਼ੁਭ ਪਲ ਇੱਕ ਦੈਵੀ ਅਨੁਭਵ ਬਣ ਜਾਂਦਾ ਹੈ। 79ਵੇਂ ਨਿਰੰਕਾਰੀ ਸੰਤ ਸਮਾਗਮ ਦੀ ਸਮਾਪਤੀ ਤੋਂ ਬਾਅਦ, ਸਮਾਲਖਾ ਦੇ ਅਧਿਆਤਮਕ ਸਥੱਲ ਦੇ ਪਵਿੱਤਰ ਮੈਦਾਨ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਦੈਵੀ ਰਹਿਨੁਮਾਈ ਹੇਠ ਆਯੋਜਿਤ ਇਹ ਸਮੂਹਿਕ ਵਿਆਹ ਸਮਾਰੋਹ ਅਧਿਆਤਮਿਕ ਭਾਵਨਾ ਦਾ ਇੱਕ ਸੁੰਦਰ ਪ੍ਰਤੀਕ ਬਣ ਗਿਆ। ਜਦੋਂ 126 ਨਵ-ਵਿਆਹੇ ਜੋੜੇ ਵਿਆਹ ਦੇ ਸੂਤਰ ਵਿੱਚ ਪਰੋਏ ਗਏ ਤੇ ਜਿਨ੍ਹਾਂ ਨੇ ਪਿਆਰ, ਸਮਰਪਣ ਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਉਕਤ ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਜ਼ੋਨ ਕਪੂਰਥਲਾ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਹਾਰ ਤੇ ਨਿਰੰਕਾਰੀ ਸਾਂਝਾ ਹਾਰ ਨਾਲ ਹੋਈ, ਜਿਸਨੂੰ ਮਿਸ਼ਨ ਦੀ ਪ੍ਰਧਾਨ, ਸਤਿਕਾਰਯੋਗ ਰਾਜਕੁਮਾਰੀ ਜੀ ਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਪਹਿਨਾਇਆ। ਉਨ੍ਹਾਂ ਲਈ ਨਵੇਂ ਜੀਵਨ ਦੀ ਖੁਸ਼ਹਾਲ ਕਾਮਨਾ ਕੀਤੀ। ਇਸ ਤੋਂ ਬਾਅਦ ਹਿੰਦੀ ਵਿੱਚ ਭਗਤੀ ਪੂਰਨ ਨਿਰੰਕਾਰੀ ਲਾਵਾਂ ਪੜੀਆਂ ਗਈਆਂ। ਜੋ ਵਿਸ਼ਵਾਸ, ਸਤਿਕਾਰ ਤੇ ਸਮਰਪਣ ਨਾਲ ਭਰੇ ਵਿਆਹੁਤਾ ਜੀਵਨ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀਆਂ ਹਨ। ਸਤਿਗੁਰੂ ਮਾਤਾ ਜੀ ਤੇ ਨਿਰੰਕਾਰੀ ਰਾਜਪਿਤਾ ਜੀ ਨੇ ਨਵ-ਵਿਆਹੇ ਜੋੜਿਆ ਤੇ ਫੁੱਲ ਵਰਸਾਏ ਤੇ ਉਨ੍ਹਾਂ ਨੂੰ ਖੁਸ਼ੀ, ਸ਼ਾਂਤੀ ਤੇ ਅਨੰਦ ਦਾ ਆਸ਼ੀਰਵਾਦ ਪ੍ਰਦਾਨ ਕੀਤਾ। ਆਪਣੇ ਆਸ਼ੀਰਵਾਦ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵ-ਵਿਆਹੀਆਂ ਜੋੜਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮੂਹਿਕ ਵਿਆਹ ਦੀ ਭਾਵਨਾ ਸਿਰਫ਼ ਇੱਕ ਸਮਾਗਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਬਲਕਿ ਜੀਵਨ ਦਾ ਇੱਕ ਤਰੀਕਾ ਬਣਨਾ ਚਾਹੀਦਾ ਹੈ। ਪਤੀ-ਪਤਨੀ ਨੂੰ ਇੱਕ ਦੂਜੇ ਦੀਆਂ ਜ਼ਿੰਮੇਵਾਰੀਆਂ ਨੂੰ ਬਰਾਬਰ ਸੰਭਾਲਣਾ ਚਾਹੀਦਾ ਹੈ, ਪਿਆਰ, ਵਿਸ਼ਵਾਸ ਤੇ ਸਦਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ ਤੇ ਜੀਵਨ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਇੱਕ-ਦੂਜੇ ਦੇ ਖੰਭ ਬਣਨਾ ਚਾਹੀਦਾ ਹੈ। ਸਤਿਗੁਰੂ ਮਾਤਾ ਜੀ ਨੇ ਸੇਵਾ, ਧਿਆਨ ਤੇ ਸਤਿਸੰਗ ਦੇ ਮਾਰਗ ਤੇ ਆਪਸੀ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਪਤੀ-ਪਤਨੀ ਇੱਕ ਦੂਜੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨ। ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਜੋ ਜੀਵਨ ਭਰ ਦੇ ਪਿਆਰ, ਸਤਿਕਾਰ ਤੇ ਸਮਰਪਣ ਦੁਆਰਾ ਦਰਸਾਇਆ ਜਾਂਦਾ ਹੈ, ਜਿਸਨੂੰ ਦੋਵਾਂ ਪਰਿਵਾਰਾਂ ਵਿਚਕਾਰ ਆਪਸੀ ਸਤਿਕਾਰ ਤੇ ਪਿਆਰ ਦੁਆਰਾ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਸਾਦੇ ਸਮੂਹਿਕ ਵਿਆਹ ਦੌਰਾਨ ਸਤਿਗੁਰੂ ਮਾਤਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਦਾ ਸ਼ੁਭ ਵਿਆਹ ਵੀ ਸੰਪੰਨ ਹੋਇਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਜੀ ਨੇ ਦੱਸਿਆ ਕਿ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਰੋਹ ਵਿੱਚ ਸਤਿਗੁਰੂ ਮਾਤਾ ਜੀ ਦੀ ਮੌਜੂਦਗੀ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਤੇ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਪੱਛਮੀ ਬੰਗਾਲ ਦੇ ਨਾਲ-ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਤੋਂ ਨਵ-ਵਿਆਹੇ ਜੋੜਿਆਂ ਨੇ ਸ਼ਮੂਲੀਅਤ ਕੀਤੀ। ਵੱਖ ਵੱਖ ਖੇਤਰਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਆਉਣ ਵਾਲੇ ਇਨ੍ਹਾਂ 126 ਨੌਜਵਾਨ ਜੋੜਿਆਂ ਦੇ ਮੇਲ ਨੇ ਏਕਤਾ, ਸਮਾਨਤਾ ਤੇ ਵਿਸ਼ਵ-ਵਿਆਪੀ ਭਾਈਚਾਰੇ ਦੀ ਇੱਕ ਵਿਲੱਖਣ ਉਦਾਹਰਣ ਸਥਾਪਤ ਕੀਤੀ।