ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਨੇ ਮਨਾਇਆ ‘ਤੀਆਂ ਦਾ ਤਿਉਹਾਰ’ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਨੇ ਰੀਝਾਂ ਨਾਲ ਮਨਾਇਆ ‘ਤੀਆਂ ਦਾ ਤਿਉਹਾਰ’
Publish Date: Sun, 09 Aug 2026 07:08 PM (IST)
Updated Date: Sun, 09 Aug 2026 07:11 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਖੂਬਸੂਰਤ ਝਲਕ ਪੇਸ਼ ਕਰਦਿਆਂ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵਿਖੇ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਤੋਂ ਇਲਾਵਾ ਹਸਪਤਾਲ ਟਰੱਸਟ ਦੇ ਡਾਕਟਰਾਂ ਤੇ ਸਟਾਫ਼ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੰਦਿਰ ਕੰਪਲੈਕਸ ਵਿਖੇ ਤੀਆਂ ਦੇ ਰਵਾਇਤੀ ਰੰਗ ਨੂੰ ਦਰਸਾਉਂਦੀਆਂ ਪੀਘਾਂ ਪਾਈਆਂ ਗਈਆਂ ਤੇ ਹਸਪਤਾਲ ਦੀਆਂ ਨਰਸਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ‘ਗਿੱਧਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਰਵਾਇਤੀ ਬੋਲੀਆਂ ਤੇ ਗੀਤਾਂ ਨੇ ਸਮਾਗਮ ਵਿੱਚ ਮੌਜੂਦ ਹਾਜ਼ਰੀਨ ਦਾ ਮਨ ਮੋਹ ਲਿਆ। ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਸਾਰਿਆਂ ਨੂੰ ਇਸ ਰਵਾਇਤੀ ਤਿਉਹਾਰ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਮੰਦਿਰ ਤੇ ਹਸਪਤਾਲ ਦੇ ਡਾਕਟਰ ਤੇ ਸਟਾਫ਼ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾਤਾਰ ਰੁੱਝੇ ਰਹਿੰਦੇ ਹਨ, ਜਿਸ ਕਾਰਨ ਰੋਜ਼ਾਨਾ ਦੀ ਭੱਜ-ਦੌੜ ਤੇ ਜ਼ਿੰਮੇਵਾਰੀਆਂ ਦੇ ਚਲਦਿਆਂ ਮਾਨਸਿਕ ਤਣਾਅ ਹੋਣਾ ਸੁਭਾਵਿਕ ਹੈ। ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਟਾਫ਼ ਨੂੰ ਰੋਜ਼ਾਨਾ ਦੀ ਰੁਟੀਨ ਤੋਂ ਕੁਝ ਸਮੇਂ ਲਈ ਰਾਹਤ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਤੇ ਅਮੀਰ ਵਿਰਸੇ ਨਾਲ ਜੋੜਦੇ ਹਨ ਤੇ ਡਿਊਟੀ ਪ੍ਰਤੀ ਨਵੀਂ ਊਰਜਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰਕ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ, ਰਵਾਇਤਾਂ ਤੇ ਸੱਭਿਆਚਾਰ ਨਾਲ ਜੋੜਨ ਦਾ ਵੀ ਮਹੱਤਵਪੂਰਨ ਮਾਧਿਅਮ ਬਣਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵੱਲੋਂ ਭਵਿੱਖ ਵਿੱਚ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖੇ ਜਾਣਗੇ। ਸਮਾਗਮ ਦੇ ਅਖੀਰ ਵਿੱਚ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਪ੍ਰਸ਼ਾਂਤ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਸ਼ੋਕ ਧੀਮਾਨ, ਰਵਿੰਦਰ ਸਿੰਘ ਪਨੇਸਰ, ਅਮੋਲਕ ਸਿੰਘ ਝੀਤਾ, ਰੀਤਪ੍ਰੀਤ ਪਾਲ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਸਿੰਘ, ਜਤਿਨ ਰੂਪਰਾਏ, ਹੈਪੀ ਅਨੰਦ, ਡਾ. ਕੋਮਲ ਠਾਕੁਰ, ਡਾ. ਅਵਿਨਾਸ਼ ਸਿੰਘ ਚੌਹਾਨ, ਡਾ. ਸਮਦੀਸ਼ਾ, ਡਾ. ਜਰਨੈਲ ਸਿੰਘ, ਡਾ. ਦੀਪਾ ਯਾਦਵ, ਕੰਚਨ ਸ਼ਰਮਾ ਸਮੇਤ ਸਭਾ ਦੇ ਹੋਰ ਮੈਂਬਰ ਤੇ ਸਟਾਫ਼ ਹਾਜ਼ਰ ਸੀ।