ਸ਼੍ਰੀ ਰਾਮ ਤੇ ਸੀਤਾ ਜਨਮ ਦਾ ਦ੍ਰਿਸ਼ ਦਿਖਾਇਆ ਕੌਮੀ ਸੇਵਕ ਰਾਮਲੀਲਾ ਅਤੇ ਤਿਉਹਾਰ ਕਮੇਟੀ ਵੱਲੋਂ ਸ਼੍ਰੀ ਰਾਮ ਜਨਮ ਅਤੇ ਸੀਤਾ ਜਨਮ ਨਾਈਟ ਦਾ ਆਯੋਜਨ
Publish Date: Tue, 13 Oct 2026 07:12 PM (IST)
Updated Date: Tue, 13 Oct 2026 07:14 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਕੌਮੀ ਸੇਵਕ ਰਾਮਲੀਲਾ ਤੇ ਤਿਉਹਾਰ ਕਮੇਟੀ ਵੱਲੋਂ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਕਰਵਾਈ ਜਾ ਰਹੀ ਸ਼੍ਰੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਭਗਵਾਨ ਸ਼੍ਰੀ ਰਾਮ ਤੇ ਮਾਤਾ ਸੀਤਾ ਜੀ ਦੇ ਜਨਮ ਨਾਲ ਸਬੰਧਤ ਦ੍ਰਿਸ਼ ਪੇਸ਼ ਕੀਤੇ ਗਏ। ਇਹ ਦ੍ਰਿਸ਼ ਡਾਇਰੈਕਟਰ ਨਰਿੰਦਰ ਸ਼ਰਮਾ ਨਿੰਦੀ ਤੇ ਕਿਸ਼ੋਰ ਹੀਰ ਦੇ ਨਿਰਦੇਸ਼ਨ ਹੇਠ ਮੰਚਿਤ ਕੀਤੇ ਗਏ। ਕਮੇਟੀ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਤੇ ਪ੍ਰਧਾਨ ਇੰਦਰਜੀਤ ਕਰਵਲ ਦੀ ਦੇਖ-ਰੇਖ ਹੇਠ ਕਰਵਾਈ ਗਈ ਇਸ ਦੂਜੀ ਨਾਈਟ ਦਾ ਸ਼ੁਭ ਆਰੰਭ ਅੱਖਾਂ ਦੇ ਮਾਹਿਰ ਡਾ. ਐੱਸ ਰਾਜਨ ਤੇ ਸਮਾਜ ਸੇਵਕ ਸਾਹਿਲ ਕਲੂਚਾ ਨੇ ਸਾਂਝੇ ਤੌਰ ’ਤੇ ਜੋਤੀ ਪ੍ਰਜਵਲਿਤ ਕਰਕੇ ਤੇ ਰਿਬਨ ਕੱਟ ਕੇ ਕੀਤਾ। ਰਾਮਲੀਲਾ ਦੇ ਮੰਚਨ ਦੌਰਾਨ ਦਿਖਾਇਆ ਗਿਆ ਕਿ ਅਯੁੱਧਿਆ ਦੇ ਰਾਜਾ ਦਸ਼ਰਥ ਨੂੰ ਸੰਤਾਨ ਨਾ ਹੋਣ ਕਾਰਨ ਆਪਣੇ ਉੱਤਰਾਧਿਕਾਰੀ ਦੀ ਚਿੰਤਾ ਸਤਾਉਂਦੀ ਹੈ। ਮਹਾਰਿਸ਼ੀ ਵਸ਼ਿਸ਼ਠ ਦੇ ਕਹਿਣ ’ਤੇ ਰਾਜਾ ਦਸ਼ਰਥ ਸ਼੍ਰਿੰਗੀ ਰਿਸ਼ੀ ਤੋਂ ਪੁੱਤਰ ਪ੍ਰਾਪਤੀ ਲਈ ਯੱਗ ਕਰਵਾਉਂਦੇ ਹਨ। ਇਸ ਦੇ ਫਲਸਰੂਪ ਰਾਜ ਮਹਿਲ ਵਿੱਚ ਭਗਵਾਨ ਸ਼੍ਰੀ ਰਾਮ, ਲਕਸ਼ਮਣ, ਭਰਤ ਤੇ ਸ਼ਤਰੂਘਨ ਦੇ ਰੂਪ ਵਿੱਚ ਚਾਰ ਰਾਜਕੁਮਾਰਾਂ ਦਾ ਜਨਮ ਹੁੰਦਾ ਹੈ। ਇਸੇ ਤਰ੍ਹਾਂ ਜਨਕਪੁਰ ਦੇ ਰਾਜਾ ਜਨਕ ਦੇ ਰਾਜ ਵਿੱਚ ਅਕਾਲ ਪੈਣ ਕਾਰਨ ਜਦੋਂ ਉਹ ਵਰਖਾ ਦੀ ਕਾਮਨਾ ਨਾਲ ਖੇਤ ਵਿੱਚ ਖੁਦ ਹਲ ਚਲਾਉਂਦੇ ਹਨ ਤਾਂ ਧਰਤੀ ਵਿੱਚੋਂ ਮਾਤਾ ਸੀਤਾ ਜੀ ਪ੍ਰਗਟ ਹੁੰਦੇ ਹਨ। ਇਨ੍ਹਾਂ ਧਾਰਮਿਕ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਗਤੀ ਭਾਵਨਾ ਨਾਲ ਜੋੜਿਆ। ਮੰਚ ਦਾ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਕੀਤਾ। ਇਸ ਮੌਕੇ ਪ੍ਰੋਜੈਕਸ਼ਨ ਡਾਇਰੈਕਟਰ ਰਵਿੰਦਰ ਕੁਮਾਰ ਨੀਟਾ ਐਡਵੋਕੇਟ, ਸਰਪ੍ਰਸਤ ਕ੍ਰਿਸ਼ਨ ਬਜਾਜ, ਕੀਮਤੀ ਲਾਲ ਸ਼ਰਮਾ, ਵੇਦ ਪ੍ਰਕਾਸ਼ ਤਨੇਜਾ, ਗੁਰਦੀਪ ਸੈਣੀ, ਸੀਨੀਅਰ ਮੀਤ ਪ੍ਰਧਾਨ ਲਕਸ਼ਮਣ ਦਾਸ ਸੁਮਨ, ਅਵਤਾਰ ਪੰਮਾ, ਵਿਕਰਮ ਸ਼ਰਮਾ, ਮੀਤ ਪ੍ਰਧਾਨ ਪੰਕਜ ਚਾਵਲਾ, ਸਾਹਿਲ ਭਾਰਗੋ, ਮਨੋਜ ਸ਼ਰਮਾ, ਨਿਰਦੇਸ਼ਕ ਕਿਸ਼ੋਰ ਹੀਰ, ਨਰਿੰਦਰ ਨਿੰਦੀ, ਸ਼ਮਸ਼ੇਰ ਸਿੰਘ, ਜਨਰਲ ਸਕੱਤਰ ਰਾਜੇਸ਼ ਸ਼ਰਮਾ, ਖਜ਼ਾਨਚੀ ਰਮਨ ਸ਼ਰਮਾ, ਸਕੱਤਰ ਅਤੇ ਸਟੋਰ ਇੰਚਾਰਜ ਅਸ਼ੋਕ ਕੁਮਾਰ, ਦਵਿੰਦਰ ਬੱਬੀ, ਜਥੇਬੰਦੀ ਸਕੱਤਰ ਮਹੇਸ਼ ਕਨੌਜੀਆ, ਰਾਮਪਾਲ ਸੁਮਨ, ਸਟੇਜ ਸਕੱਤਰ ਹਰਜਿੰਦਰ ਗੋਗਨਾ, ਸਟੇਜ ਅਤੇ ਸਕ੍ਰੀਨਿੰਗ ਨਾਲ ਜੁੜੇ ਬਲਜੀਤ ਸੁਮਨ, ਸੁਰਿੰਦਰ ਸੁਮਨ, ਰਾਮ ਸਿੰਘ, ਰਾਜਕੁਮਾਰ ਰਾਜੂ, ਚਰਨਜੀਤ ਚੰਨਾ, ਨਿਸ਼ਾਂਤ ਸ਼ਰਮਾ, ਮਨੋਜ ਟੰਡਨ, ਅਮਿਤ ਸੁਮਨ, ਪਾਰਸ ਭਾਰਦਵਾਜ, ਚੰਦਰ ਕਨੌਜੀਆ, ਸ਼ਾਰੂ ਕਨੌਜੀਆ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।