ਫਰਜ਼ਾਂ ਪ੍ਰਤੀ ਇਮਾਨਦਾਰ ਰਹਿਣ ਦੀ ਪ੍ਰੇਰਨਾ ਦੇਣ ਵਾਲਾ ਪਵਿੱਤਰ ਤਿਉਹਾਰ ਹੈ ਜਨਮਅਸ਼ਟਮੀ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਜੀਵਨ ’ਚ ਸਹੀ ਮਾਰਗ ਚੁਣਨ ਅਤੇ ਕਰਮ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਣਾ : ਚੇਤਨ ਸੂਰੀ
Publish Date: Fri, 04 Sep 2026 09:41 PM (IST)
Updated Date: Fri, 04 Sep 2026 09:43 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਲੈ ਕੇ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਮੰਦਰਾਂ ਤੋਂ ਲੈ ਕੇ ਘਰਾਂ ਤਕ ਸ਼ਰਧਾਲੂ ਤਿਉਹਾਰ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ। ਇਸ ਮੌਕੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਲੈ ਕੇ ਸਤਿਨਰਾਇਣ ਮੰਦਰ ਵੱਲੋਂ ਹਰ ਸਾਲ ਦੇ ਵਾਂਗ ਇਸ ਸਾਲ ਵੀ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਭਾਜਪਾ ਦੇ ਸਮੂਹ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਪ੍ਰਧਾਨਗੀ ਹੇਠ ਹਿੱਸਾ ਲੈਂਦੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ ਤੇ ਦੇਸ਼, ਪੰਜਾਬ ਤੇ ਜ਼ਿਲ੍ਹੇ ਦੇ ਲੋਕਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਸ਼੍ਰੀਮਦ ਭਗਵਦ ਗੀਤਾ ਦੇ ਸੰਦੇਸ਼ ਨੂੰ ਯਾਦ ਕਰਦਿਆਂ ਚੇਤਨ ਸੂਰੀ ਨੇ ਕਿਹਾ ਕਿ ਜਨਮ ਅਸ਼ਟਮੀ ਸਿਰਫ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਉਤਸਵ ਨਹੀਂ, ਸਗੋਂ ਮਨੁੱਖ ਨੂੰ ਜੀਵਨ ’ਚ ਸਹੀ ਮਾਰਗ ਚੁਣਨ, ਸੱਚ ਤੇ ਧਰਮ ਦੇ ਰਾਹ ’ਤੇ ਚੱਲਣ ਤੇ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਰਹਿਣ ਦੀ ਪ੍ਰੇਰਨਾ ਦੇਣ ਵਾਲਾ ਪਵਿੱਤਰ ਤਿਉਹਾਰ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜੀਵਨ ਬਹੁਤ ਸਾਰੀਆਂ ਮੁਸ਼ਕਲਾਂ ਤੇ ਚੁਣੌਤੀਆਂ ਦੇ ਬਾਵਜੂਦ ਹੌਸਲਾ, ਧੀਰਜ ਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦੀ ਸਿੱਖਿਆ ਦਿੰਦਾ ਹੈ। ਅੱਜ ਦੇ ਸਮੇਂ ਵਿੱਚ ਇਹ ਸੰਦੇਸ਼ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਨੌਜਵਾਨ ਪੀੜੀ ਪੜ੍ਹਾਈ, ਕਰੀਅਰ, ਮੁਕਾਬਲੇ ਤੇ ਬਦਲਦੇ ਸਮਾਜਿਕ ਮਾਹੌਲ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਹਾਲਾਤਾਂ ’ਚ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਉਨ੍ਹਾਂ ਨੂੰ ਸਹੀ ਫ਼ੈਸਲੇ ਲੈਣ ਤੇ ਮੁਸ਼ਕਲ ਸਮੇਂ ਵਿੱਚ ਹੌਸਲਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਦਾ ਕੇਂਦਰੀ ਸੰਦੇਸ਼ ਮਨੁੱਖ ਨੂੰ ਆਪਣੇ ਕਰਮ ਤੇ ਫਰਜ਼ ’ਤੇ ਧਿਆਨ ਕੇਂਦਰਿਤ ਕਰਨ ਦੀ ਪ੍ਰੇਰਣਾ ਦਿੰਦਾ ਹੈ। ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਈਮਾਨਦਾਰੀ ਤੇ ਨਿਸ਼ਠਾ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਨੌਜਵਾਨਾਂ ਲਈ ਇਹ ਸਿੱਖਿਆ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਜੀਵਨ ਵਿੱਚ ਕਾਮਯਾਬੀ ਹਾਸਲ ਕਰਨ ਲਈ ਮਿਹਨਤ ਦੇ ਨਾਲ ਧੀਰਜ ਤੇ ਸਹੀ ਸੋਚ ਦੀ ਵੀ ਲੋੜ ਹੁੰਦੀ ਹੈ। ਅੱਜ ਨੌਜਵਾਨਾਂ ਸਾਹਮਣੇ ਤੇਜ਼ੀ ਨਾਲ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਕਈ ਤਰ੍ਹਾਂ ਦੇ ਦਬਾਅ ਹੁੰਦੇ ਹਨ । ਅਜਿਹੇ ਸਮੇਂ ਚ ਸ਼੍ਰੀ ਕ੍ਰਿਸ਼ਨ ਦਾ ਆਤਮ-ਵਿਸ਼ਵਾਸ, ਸੰਤੁਲਿਤ ਸੋਚ ਤੇ ਕਰਮ ਪ੍ਰਤੀ ਸਮਰਪਣ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੋ ਸਕਦਾ ਹੈ। ਕਿਸੇ ਵੀ ਮੁਸ਼ਕਲ ਹਾਲਾਤ ’ਚ ਘਬਰਾਉਣ ਦੀ ਬਜਾਏ ਸਥਿਤੀ ਨੂੰ ਸਮਝ ਕੇ ਸਹੀ ਫੈਸਲਾ ਲੈਣਾ ਤੇ ਆਪਣੀ ਮਿਹਨਤ ਜਾਰੀ ਰੱਖਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਧਾਰਮਿਕ ਤਿਉਹਾਰਾਂ ਦਾ ਅਸਲ ਮਕਸਦ ਸਿਰਫ ਰਸਮਾਂ ਨਿਭਾਉਣਾ ਨਹੀਂ, ਸਗੋਂ ਉਨ੍ਹਾਂ ਦੇ ਪਿੱਛੇ ਛੁਪੇ ਜੀਵਨ ਮੁੱਲਾਂ ਨੂੰ ਸਮਝਣਾ ਵੀ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਨੌਜਵਾਨਾਂ ਨੂੰ ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਮੌਕੇ ਭਾਜਪਾ ਲੋਕਲ ਬਾਡੀ ਸੈੱਲ ਦੇ ਸੂਬਾ ਕਨਵੀਨਰ ਪ੍ਰਸ਼ੋਤਮ ਪਾਸੀ, ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਸੂਬਾ ਕਾਰਜਕਾਰਣੀ ਦੇ ਮੈਂਬਰ ਮਨੂੰ ਧੀਰ, ਸੀਨੀਅਰ ਭਾਜਪਾ ਆਗੂ ਡਾ. ਰਣਵੀਰ ਕੌਸ਼ਲ ਭਾਜਪਾ ਆਗੂ ਪ੍ਰਦੀਪ ਠਾਕੁਰ ਸਮੇਤ ਭਾਜਪਾ ਆਗੂ ਹਾਜ਼ਰ ਸਨ।