ਜੀਡੀਆਰ ਕਾਨਵੈਂਟ ’ਚ ਜਨਮ ਅਸ਼ਟਮੀ ਮਨਾਈ ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਧੂਮਧਾਮ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Publish Date: Thu, 03 Sep 2026 06:43 PM (IST)
Updated Date: Thu, 03 Sep 2026 06:46 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ, ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਰੂਪ-ਰੇਖਾ ਲੋਟਸ ਹਾਊਸ ਦੇ ਇੰਚਾਰਜ ਬਲਵੀਰ ਕੌਰ ਦੀ ਅਗਵਾਈ ਹੇਠ ਤਿਆਰ ਕੀਤੀ ਗਈ। ਵਿਸ਼ੇਸ਼ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਹੋਈ। ਜਮਾਤ ਦਸਵੀਂ ਦੀ ਵਿਦਿਆਰਥਣ ਹਰਸ਼ਪ੍ਰੀਤ ਨੇ ਅੱਜ ਦਾ ਵਿਚਾਰ ਪੇਸ਼ ਕੀਤਾ। ਇਸ ਉਪਰੰਤ ਜਮਾਤ ਨੌਵੀਂ ਦੀ ਵਿਦਿਆਰਥਣ ਕਮਲ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਤੇ ਉਨ੍ਹਾਂ ਦੀਆਂ ਬਾਲ ਲੀਲਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਮ ਅਸ਼ਟਮੀ ਹਿੰਦੂ ਧਰਮ ਦਾ ਪ੍ਰਮੁੱਖ ਤੇ ਪਵਿੱਤਰ ਤਿਉਹਾਰ ਹੈ, ਜੋ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਮਨਾਇਆ ਜਾਂਦਾ ਹੈ। ਸਕੂਲ ਵਿੱਚ ਜਮਾਤ ਪ੍ਰੀ-ਨਰਸਰੀ ਤੋਂ ਯੂਕੇਜੀ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਪ੍ਰਿੰਸੀਪਲ ਵੱਲੋਂ ਕੀਤਾ ਗਿਆ। ਬੱਚਿਆਂ ਵੱਲੋਂ ਸ੍ਰੀ ਕ੍ਰਿਸ਼ਨ ਤੇ ਗੋਪੀਆਂ ਦੀ ਰਾਸ ਲੀਲਾ ਦੀ ਸੁੰਦਰ ਪੇਸ਼ਕਾਰੀ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਹਾਂਡੀ ਫੋੜ ਮੁਕਾਬਲਾ ਵੀ ਕਰਵਾਇਆ ਗਿਆ। ਛੋਟੇ ਬੱਚੇ ਸ੍ਰੀ ਕ੍ਰਿਸ਼ਨ ਤੇ ਰਾਧਾ ਦੇ ਮਨਮੋਹਕ ਰੂਪ ਵਿੱਚ ਸਜ ਕੇ ਸਕੂਲ ਪਹੁੰਚੇ। ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਭਜਨਾਂ ’ਤੇ ਨ੍ਰਿਤ ਕਰਕੇ ਇਸ ਪਵਿੱਤਰ ਦਿਹਾੜੇ ਨੂੰ ਹੋਰ ਵੀ ਖਾਸ ਤੇ ਯਾਦਗਾਰ ਬਣਾ ਦਿੱਤਾ। ਗੁਰਜਿੰਦਰ ਕੌਰ ਨੇ ਸਟੋਰੀ ਟੈਲਿੰਗ ਐਕਟ ਰਾਹੀਂ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਤੇ ਉਨ੍ਹਾਂ ਦੀਆਂ ਬਾਲ ਲੀਲਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮਾਧਵੀ ਨੇ ਵਿਦਿਆਰਥੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।