ਸ਼ਿਵ ਸੈਨਾ ਨੇ ਮਨਾਈ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਰਸੀ
ਸ਼ਿਵ ਸੈਨਾ ਯੂਬੀਟੀ ਨੇ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਰਸੀ ਮਨਾਈ।
Publish Date: Fri, 03 Apr 2026 06:57 PM (IST)
Updated Date: Fri, 03 Apr 2026 07:01 PM (IST)

ਫਗਵਾੜਾ : ਸ਼ਿਵ ਸੈਨਾ ਯੂਬੀਟੀ ਨੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਤੇ ਸੂਬਾ ਸਕੱਤਰ ਗੁਰਦੀਪ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਤੇ ਰੂਪੇਸ਼ ਧੀਰ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਰਸੀ ਮਨਾਈ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਸਵੀਰ ਨੂੰ ਫੁੱਲਮਾਲਾ ਭੇਟ ਕੀਤੀ ਗਈ ਤੇ ਸਾਰੇ ਸ਼ਿਵ ਸੈਨਿਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 'ਤੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੁਆਰਾ ਕੀਤੀਆਂ ਕੁਰਬਾਨੀਆਂ ਬਾਰੇ ਵਿਸਥਾਰ ਵਿਚ ਦੱਸਿਆ ਕਿ ਕਿਵੇਂ, ਸਿਰਫ 16 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਟੋਰਨਾ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਤੇ ਜਲਦੀ ਹੀ ਕੋਂਢਾਣਾ ਤੇ ਪੁਰੰਦਰ ਵਰਗੇ ਕਈ ਮਹੱਤਵਪੂਰਨ ਕਿਲ੍ਹਿਆਂ ਨੂੰ ਜਿੱਤ ਲਿਆ। ਇਸ ਤੋਂ ਬਾਅਦ ਇਕ ਸੰਧੀ 'ਤੇ ਦਸਤਖਤ ਹੋਣ ਦੇ ਬਾਵਜੂਦ ਸ਼ਿਵਾਜੀ ਮਹਾਰਾਜ ਨੂੰ ਆਗਰਾ ਵਿਚ ਔਰੰਗਜ਼ੇਬ ਨੇ ਧੋਖੇ ਨਾਲ ਫੜ ਲਿਆ। ਉਹ ਮਠਿਆਈਆਂ ਦੀਆਂ ਟੋਕਰੀਆਂ ਵਿਚ ਲੁਕ ਕੇ ਚਲਾਕੀ ਨਾਲ ਬਚ ਨਿਕਲੇ। 6 ਜੂਨ, 1674 ਨੂੰ ਰਾਏਗੜ੍ਹ ਵਿਚ ਉਨ੍ਹਾਂ ਦੀ ਰਸਮੀ ਤੌਰ 'ਤੇ ਤਾਜਪੋਸ਼ੀ ਕੀਤੀ ਗਈ ਤੇ ਉਨ੍ਹਾਂ ਨੂੰ ਛਤਰਪਤੀ ਦਾ ਖਿਤਾਬ ਮਿਲਿਆ। ਉਨ੍ਹਾਂ ਨੇ ਇਕ ਅਨੁਸ਼ਾਸਿਤ ਫੌਜ, ਇਕ ਮਜ਼ਬੂਤ ਜਲ ਸੈਨਾ (ਭਾਰਤੀ ਜਲ ਸੈਨਾ ਦਾ ਜਨਕ) ਤੇ ਇਕ ਕੁਸ਼ਲ ਪ੍ਰਸ਼ਾਸਨਿਕ ਪ੍ਰਣਾਲੀ ਸਥਾਪਤ ਕੀਤੀ। ਰਮਨ ਸ਼ਰਮਾ ਨੇ ਸਾਰੇ ਸ਼ਿਵ ਸੈਨਿਕਾਂ ਨੂੰ ਉਨ੍ਹਾਂ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼ਿਵ ਸੈਨਾ ਯੂਬੀਟੀ ਦੇ ਸੂਬਾ ਸਕੱਤਰ ਗੁਰਦੀਪ ਸੈਣੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਆਪਣੀ ਬਹਾਦਰੀ, ਨਿਆਂ ਦੀ ਭਾਵਨਾ ਤੇ ਆਜ਼ਾਦੀ ਦੀ ਭਾਵਨਾ ਲਈ ਇਤਿਹਾਸ ਵਿਚ ਅਮਰ ਹਨ। ਇਸ ਮੌਕੇ ਸ਼ਹਿਰੀ ਉਪ ਪ੍ਰਧਾਨ ਚੰਦਨ ਮਹਿਰਾ, ਦਿਨੇਸ਼ ਬਾਂਸਲ, ਬਲਜੀਤ ਭੁੱਲਾ ਰਾਏ, ਧਰਮਿੰਦਰ, ਰਜਤ ਭਾਰਦਵਾਜ, ਲੱਲਨ ਕੁਮਾਰ, ਬੱਬੀ ਗੋਸਵਾਮੀ, ਪੁਨੀਤ ਓਂਕਾਰ ਨਗਰ, ਸ਼ਾਲੂ ਹਦੀਆਬਾਦ, ਚੈਰੀ ਹਦੀਆਬਾਦ, ਰਾਜ ਭਾਰਦਵਾਜ, ਸਾਬਕਾ ਸਰਪੰਚ ਰਾਜ ਕੁਮਾਰ, ਡਾ. ਰਾਕੇਸ਼ ਪਾਲ, ਭਾਨੂ ਪ੍ਰਤਾਪ, ਕਰਨ ਮਹਿਰਾ, ਜੈ ਠੱਕਰਕੀ, ਰਾਜ ਕੁਮਾਰ, ਸੁਖਦੇਵ ਸਿੰਘ, ਅਨੂਪ ਦੁੱਗਲ, ਰਵਿੰਦਰ ਸਿੰਘ, ਸੁਰਜੀਤ ਕੁਮਾਰ ਅਤੇ ਹੋਰ ਸ਼ਿਵ ਸੈਨਿਕ ਵੀ ਮੌਜੂਦ ਸਨ।