ਸ਼੍ਰੋਮਣੀ ਅਕਾਲੀ ਦਲ ਸੰਮਨਾਂ ਤੋਂ ਡਰਨ ਵਾਲਾ ਨਹੀਂ : ਗੁਰਸਿਮਰ ਸਿੰਘ ਸ਼੍ਰੋਮਣੀ ਅਕਾਲੀ ਦਲ ਸੰਮਨਾਂ ਤੋਂ ਡਰਨ ਵਾਲਾ ਨਹੀਂ-ਗੁਰਸਿਮਰ ਸਿੰਘ
Publish Date: Tue, 21 Jul 2026 07:30 PM (IST)
Updated Date: Tue, 21 Jul 2026 07:31 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਐੱਸਆਈਟੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸਓਆਈ ਵਿੰਗ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਗੁਰਸਿਮਰ ਸਿੰਘ, ਹਲਕਾ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਪ੍ਰਦੀਪ ਸਿੰਘ, ਮੀਤ ਪ੍ਰਧਾਨ ਜਸਕਰਨ ਸਿੰਘ ਮੀਤ ਪ੍ਰਧਾਨ ਅਭਿ ਸਹੋਤਾ ਪ੍ਰਧਾਨ ਸਮੇਤ ਕਈ ਸੀਨੀਅਰ ਆਗੂ ਅਤੇ ਵਰਕਰ ਚੰਡੀਗੜ੍ਹ ਵਿਖੇ ਮੌਜੂਦ ਰਹੇ। ਇਹ ਆਗੂ ਵਿਸ਼ੇਸ਼ ਜਾਂਚ ਟੀਮ ਐੱਸਆਈਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਹੱਕ ’ਚ ਡਟੇ। ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੇ ਸੱਦੇ ’ਤੇ ਸੁਖਬੀਰ ਬਾਦਲ ਚੰਡੀਗੜ੍ਹ ਸਥਿਤ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਅਕਾਲੀ ਆਗੂਆਂ ਨੇ ਪਹੁੰਚ ਕੇ ਆਪਣਾ ਸਮਰਥਨ ਪ੍ਰਗਟਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਿਆਸੀ ਬਦਲਾਖੋਰੀ ਅਤੇ ਧਿਆਨ ਭਟਕਾਉਣ ਦੇ ਦੋਸ਼ ਲਗਾਏ। ਆਗੂਆਂ ਦਾ ਕਹਿਣਾ ਸੀ ਕਿ ਉਹ ਅਜਿਹੇ ਸੰਮਨਾਂ ਤੋਂ ਡਰਨ ਵਾਲੇ ਨਹੀਂ ਅਤੇ ਕਾਨੂੰਨ ਦਾ ਸਤਿਕਾਰ ਕਰਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸਓਆਈ ਦੇ ਪ੍ਰਧਾਨ ਗੁਰਸੀਮਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੇ ਬੇਬੁਨਿਆਦ ਅਤੇ ਹਤਾਸ਼ਾਜਨਕ ਸੰਮਨਾਂ ਤੋਂ ਡਰਨ ਵਾਲਾ ਨਹੀਂ। ਅਸੀਂ ਹਮੇਸ਼ਾ ਕਾਨੂੰਨ ਦਾ ਸਤਿਕਾਰ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿਗੜਦੇ ਕਾਨੂੰਨ-ਵਿਵਸਥਾ ਦੇ ਹਾਲਾਤ, ਨਸ਼ਿਆਂ ਦੀ ਸਮੱਸਿਆ,ਕਿਸਾਨਾਂ ਅਤੇ ਪੰਜਾਬ ਸਿਰ ਚੜ੍ਹਦੇ ਕਰਜ਼ੇ ਅਤੇ ਵੱਧਦੇ ਭ੍ਰਿਸ਼ਟਾਚਾਰ ਬਾਰੇ ਜਵਾਬ ਦੇਣਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਪਹਿਲਾਂ ਵੀ ਡਟਿਆ ਸੀ, ਅੱਜ ਵੀ ਡਟਿਆ ਹੈ ਅਤੇ ਅੱਗੇ ਵੀ ਡਟਿਆ ਰਹੇਗਾ। ਉਨ੍ਹਾਂ ਨੇ ਆਪ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਝੂਠ ਦੀ ਰਾਜਨੀਤੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਇਸ ਕਾਰਵਾਈ ਨੂੰ ਨਿਰੋਲ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸਿਰਫ ਲੋਕਾਂ ਦਾ ਧਿਆਨ ਪਾਸੇ ਕਰਨ ਵਾਲੀ ਕਾਰਵਾਈ ਹੈ।