ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਤਾਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਵਿਚ ਵਿਸਤਾਰ
Publish Date: Thu, 19 Feb 2026 08:00 PM (IST)
Updated Date: Thu, 19 Feb 2026 08:03 PM (IST)

--ਨੀਰਜ ਨਾਹਰ ਹਲਕਾ ਕਪੂਰਥਲਾ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਵੱਲੋਂ ਵੀਰਵਾਰ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਗਿਆ ਤੇ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਲਗਾਤਾਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਨੀਰਜ ਨਾਹਰ ਨੂੰ ਯੂਥ ਵਿੰਗ ਕਪੂਰਥਲਾ ਹਲਕੇ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਸ਼ਹਿਰੀ ਯੂਥ ਪ੍ਰਧਾਨ ਨੀਰਜ ਨਾਹਰ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੜ੍ਹ ਤੋਂ ਮਜ਼ਬੂਤ ਕਰਨ ਦੇ ਮਨੋਰਥ ਨਾਲ ਪਾਰਟੀ ਵਰਕਰਾਂ ਨੂੰ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਉਜਾਗਰ ਕਰਨ ਲਈ ਅੱਗੇ ਆਉਣਾ ਲਈ ਕਿਹਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤੀ ਤੇ ਇਮਾਨਦਾਰ ਲੋਕਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪੰਥਕ ਪਾਰਟੀ ਹੈ ਜੋ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਝੂਠੇ ਲਾਰੇ ਲਾ ਕੇ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਅੱਜ ਆਪਣਾ ਅਕਸ ਪੰਜਾਬ ਦੀ ਜਨਤਾ ’ਚ ਗੁਆ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ, ਸਤਿਕਾਰ ਤੇ ਵਰਕਰਾਂ ਦੀ ਇਕਜੁੱਟਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਉਭਰ ਕੇ ਸਾਹਮਣੇ ਆ ਰਹੀ ਹੈ। ਇਸ ਮੌਕੇ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਨੀਰਜ ਨਾਹਰ ਨੇ ਆਪਣੀ ਨਿਯੁਕਤੀ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸਾਥੀਆਂ ਸਮੇਤ ਦਿਨ ਰਾਤ ਇਕ ਕਰਕੇ ਮਿਹਨਤ ਕਰਨਗੇ।