ਅਕਾਲੀ ਦਲ ਅੰਮ੍ਰਿਤਸਰ ਨੇ ਦੋਆਬੇ 'ਚ ਚੋਣ ਮੁਹਿੰਮ ਕੀਤੀ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋਆਬੇ 'ਚ ਚੋਣ ਮੁਹਿੰਮ ਦਾ ਕੀਤਾ ਸ਼ੁਭ ਆਰੰਭ
Publish Date: Fri, 30 Oct 2026 08:29 PM (IST)
Updated Date: Fri, 30 Oct 2026 08:31 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਦੋਆਬੇ ਵਿੱਚ ਦਲ ਵਲੋਂ ਚੋਣ ਮੁਹਿੰਮ ਦਾ ਸ਼ੁਭ ਆਰੰਭ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਜੀਟੀ ਰੋਡ ਫਗਵਾੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਕੀਤਾ ਗਿਆ। ਇਸ ਮੌਕੇ ਪਾਰਟੀ ਉਮੀਦਵਾਰਾਂ ਦੀ ਜਿੱਤ, ਪੰਥ ਦੀ ਚੜਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਪਾਰਟੀ ਦੇ ਮੁੱਖ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਨਤਮਸਤਕ ਹੋਏ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਇਮਾਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਵਿਧਾਨ ਸਭਾ ਚੋਣਾਂ ਸਿੱਖ ਕੌਮ ਦੇ ਜਰਨੈਲ ਤੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਲੜੇਗਾ। ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਪੰਥਕ ਸਰਕਾਰ ਬਣਾਉਣ ਲਈ ਅਕਾਲੀ ਦਲ ਅੰਮ੍ਰਿਤਸਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਪੰਥਕ ਮੁੱਦਿਆ ਦੇ ਹੱਲ ਲਈ ਪੰਥਕ ਸਰਕਾਰ ਬਣਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪਾਰਟੀ ਦੇ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ.ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਸ਼ੇ ਦੇ ਖਾਤਮੇ ਤੇ ਪੰਥਕ ਮੁੱਦਿਆ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਡਾ.ਹਰਜਿੰਦਰ ਜੱਖੂ ਨੇ ਕਿਹਾ ਕਿ ਜਮਹੂਰੀਅਤ ਪਸੰਦ, ਮਾਨਵਤਾਵਾਦ ਦੀਆ ਹਾਮੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ, ਬਸਪਾ ਤੇ ਵਾਰਿਸ ਪੰਜਾਬ ਨੂੰ ਇਕੱਠੇ ਹੋ ਕੇ ਚੋਣਾਂ ਲੜਨੀਆ ਚਾਹੀਦੀਆ ਹਨ ਤਾਂ ਜੋ ਭਗਵੰਤ ਮਾਨ ਦੀ ਜਾਲਮ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ। ਇਸ ਦੌਰਾਨ ਡਾ.ਹਰਜਿੰਦਰ ਸਿੰਘ ਜੱਖੂ ਨੇ ਅਹਿਮ ਐਲਾਨ ਕਰਦੇ ਹੋਏ ਮਰਹੂਮ ਭਾਈ ਸੰਦੀਪ ਸਿੰਘ ਖਾਲਸਾ ਜੀ ਦੀ ਸਿੰਘਣੀ ਬੀਬੀ ਮਨਜੀਤ ਕੌਰ ਖਾਲਸਾ ਨੂੰ ਟਾਂਡਾ ਵਿਧਾਨ ਸਭਾ ਹਲਕੇ ਦੀ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਹਲਕਾ ਫਗਵਾੜਾ ਦੇ ਇੰਚਾਰਜ ਇੰਜੀਨੀਅਰ ਹੈਪੀ ਕੌਲ ਨੇ ਸਮਾਗਮ ਵਿੱਚ ਪਹੁੰਚੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਯਕੀਨ ਦਿਵਾਇਆ ਕਿ ਫਗਵਾੜਾ ਵਿਧਾਨ ਸਭਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ। ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ, ਬੀਬੀ ਸੁਖਜੀਤ ਕੌਰ ਸਿੱਧੂ, ਗੁਰਨਾਮ ਸਿੰਘ ਸਿੰਘੜੀਵਾਲ, ਮੁਖਤਿਆਰ ਸਿੰਘ ਸੁਲਤਾਨਪੁਰ, ਸਰਬਜੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਹੀਰਾ, ਭਾਈ ਜਗਦੀਸ਼ ਸਿੰਘ ਚੱਬੇਵਾਲ, ਪ੍ਰਿੰਸੀਪਲ ਗੁਰਨਾਮ ਸਿੰਘ, ਬੀਬਾ ਰਾਜਵਿੰਦਰ ਕੌਰ, ਗੁਰਵਿੰਦਰ ਸਿੰਘ ਮਿਆਣੀ, ਕੁਲਵੀਰ ਸਿੰਘ ਗੜਸ਼ੰਕਰ, ਓਂਕਾਰ ਸਿੰਘ ਜੌਹਲ, ਦਵਿੰਦਰ ਸਿੰਘ ਖਾਲਸਾ, ਨਿਰਮਲ ਸਿੰਘ ਸਮਰਾ, ਸੰਜੀਵ ਮੂਲ ਨਿਵਾਸੀ, ਪ੍ਰਿੰਸੀਪਲ ਕੇਵਲ ਸਿੰਘ, ਬੀਬਾ ਕਮਲਜੀਤ ਕੌਰ, ਜਲੰਧਰ ਗੁਰਮੁਖ ਸਿੰਘ ਬਾਜਵਾ, ਕੁਲਵਿੰਦਰ ਸਿੰਘ ਢਿੱਲਵਾਂ, ਬੀਬੀ ਕੁਲਵੰਤ ਕੌਰ ਟੁਰਾ ਤੇ ਡਾ. ਅਵਨੀਤ ਕੌਰ ਜੱਖੂ, ਜੱਸੀ ਕੋਟਰਾਣੀ, ਦੀਪਾ ਰਾਵਲਪਿੰਡੀ, ਯਸ਼ਵੀਰ ਮਹੇ ਤੇ ਰਜੇਸ਼ ਕੁਮਾਰ ਲਵੀ ਹਾਜ਼ਰ ਸਨ।