ਨਗਰ ਕੀਰਤਨ ਦਾ ਅਕਾਲੀ ਦਲ ਦੇ ਆਗੂਆਂ ਨੇ ਕੀਤਾ ਭਰਵਾਂ ਸਵਾਗਤ ਬੇਗਮਪੁਰਾ ਦਾ ਸੰਕਲਪ’ ਨਗਰ ਕੀਰਤਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀਤਾ ਭਰਵਾਂ ਸਵਾਗਤ
Publish Date: Mon, 26 Oct 2026 07:14 PM (IST)
Updated Date: Mon, 26 Oct 2026 07:16 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ ਦੇ ਰਾਤਰੀ ਵਿਸ਼ਰਾਮ ਲਈ ਸਚਖੰਡ ਪੰਡਵਾ ਪਹੁੰਚਣ ਸਮੇਂ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ, ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਸਮੇਤ ਸਮੂਹ ਅਕਾਲੀ ਆਗੂਆਂ ਤੇ ਸਾਧ ਸੰਗਤ ਵੱਲੋਂ ਜੀਐੱਸ ਟਾਇਲ ਫੈਕਟਰੀ ਗੋਬਿੰਦਪੁਰਾ ਰੋਡ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮੂਹ ਅਕਾਲੀ ਆਗੂਆਂ ਨੇ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਤੇ ਨਤਮਸਤਕ ਹੁੰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅਕਾਲੀ ਆਗੂ ਗੁਰਦੀਪ ਸਿੰਘ ਖੇੜਾ ਦੇ ਪਰਿਵਾਰ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਠੰਢੇ ਜਲ ਤੇ ਫਲਾਂ ਦਾ ਲੰਗਰ ਸੇਵਾ ਭਾਵਨਾ ਨਾਲ ਵਰਤਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਇਤਿਹਾਸਕ ਨਗਰ ਕੀਰਤਨ ਸਮਾਜ ਵਿੱਚ ਧਾਰਮਿਕ ਸਾਂਝ, ਭਾਈਚਾਰਕ ਏਕਤਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਸੰਦੇਸ਼ ਲੈ ਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਪਿੰਡ ਪਮਾਲੀ, ਜ਼ਿਲ੍ਹਾ ਲੁਧਿਆਣਾ ਤੋਂ ਆਰੰਭ ਹੋਇਆ ਹੈ, ਜੋ ਕਿ ਸ੍ਰੀ ਗੁਰੂ ਰਵਿਦਾਸ ਅਸਥਾਨ, ਸੱਚਖੰਡ ਪੰਡਵਾ ਵਿਖੇ ਰਾਤਰੀ ਵਿਸ਼ਰਾਮ ਉਪਰੰਤ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਇਆ। ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਸਮੂਹ ਸੰਗਤਾਂ ਤੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਰਣਜੀਤ ਸਿੰਘ ਜੀਤੀ, ਅਵਤਾਰ ਸਿੰਘ ਮੰਗੀ, ਸੁਰਿੰਦਰ ਸ਼ਿੰਦਾ, ਸੁਖਦੇਵ ਸਿੰਘ ਪੀਪਾਰੰਗੀ, ਜਸਵਿੰਦਰ ਸਿੰਘ ਕਾਂਸ਼ੀ ਨਗਰ, ਗਿਆਨ ਸਿੰਘ ਖੇੜਾ, ਸਰਬਜੀਤ ਕੌਰ ਸਾਬਕਾ ਕੌਂਸਲਰ ਭਗਤਪੁਰਾ, ਬਲਵਿੰਦਰ ਸਿੰਘ ਰਾਵਲਪਿੰਡੀ, ਕੁਲਵਿੰਦਰ ਕਿੰਦਾ ਸਾਬਕਾ ਕੌਂਸਲਰ, ਪਰਮਿੰਦਰ ਸਿੰਘ ਜੰਡੂ ਆਦਿ ਹਾਜ਼ਰ ਸਨ।