ਅਕਾਲੀ ਦਲ ਅੰਮ੍ਰਿਤਸਰ 30 ਨੂੰ ਦੋਆਬੇ 'ਚ ਚੋਣ ਮੁਹਿੰਮ ਸ਼ੁਰੂ ਕਰੇਗੀ : ਡਾ. ਜੱਖੂ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 30 ਅਕਤੂਬਰ ਨੂੰ ਦੋਆਬੇ 'ਚ ਚੋਣ ਮੁਹਿੰਮ ਦਾ ਸ਼ੁਭ ਆਰੰਭ ਕਰੇਗੀ - ਡਾ.ਹਰਜਿੰਦਰ ਜੱਖੂ
Publish Date: Mon, 26 Oct 2026 06:32 PM (IST)
Updated Date: Mon, 26 Oct 2026 06:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੁੱਖ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਦੋਆਬੇ ਵਿੱਚ ਦਲ ਵੱਲੋਂ ਚੋਣ ਮੁਹਿੰਮ ਦਾ ਸ਼ੁਭ ਆਰੰਭ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਜੀਟੀ ਰੋਡ ਫਗਵਾੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਪਾਰਟੀ ਉਮੀਦਵਾਰਾਂ ਦੀ ਜਿੱਤ, ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਚੋਣ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਇਮਾਨ ਸਿੰਘ ਮਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਨਤਮਸਤਕ ਹੋਣਗੇ ਤੇ ਪਾਰਟੀ ਉਮੀਦਵਾਰਾਂ ਨੂੰ ਅਗਲੀ ਰਣਨੀਤੀ ਬਾਰੇ ਵਰਕਰਾਂ ਤੇ ਆਗੂਆਂ ਨੂੰ ਜਾਣੂ ਕਰਾਉਣਗੇ। ਡਾ. ਜੱਖੂ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਾਰੀ ਜ਼ਿੰਮੇਵਾਰੀ ਹਲਕਾ ਫਗਵਾੜਾ ਦੇ ਇੰਚਾਰਜ ਇੰਜੀਨੀਅਰ ਹੈਪੀ ਕੌਲ ਤੇ ਉਨ੍ਹਾਂ ਦੀ ਟੀਮ ਦੀ ਹੋਵੇਗੀ।