ਅਕਾਲੀ ਦਲ (ਅ) ਵੱਲੋਂ ਕੀਤੇ ਜਾਣਗੇ 10 ਬੇਗਮਪੁਰਾ ਪੰਥਕ ਇਕੱਠ : ਡਾ. ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਵਿੱਚ 10 ਬੇਗਮਪੁਰਾ ਪੰਥਕ ਇਕੱਠ ਕੀਤੇ ਜਾਣਗੇ - ਡਾ.ਹਰਜਿੰਦਰ ਜੱਖੂ
Publish Date: Sat, 08 Aug 2026 08:03 PM (IST)
Updated Date: Sat, 08 Aug 2026 08:05 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੇਗਮਪੁਰਾ ਖਾਲਸਾ ਲਹਿਰ ਦੇ ਤਹਿਤ ਹੁਸ਼ਿਆਰਪੁਰ ਵਿਖੇ ਦੋ ਅਗਸਤ ਨੂੰ ਕੀਤੇ ਗਏ ਬੇਗਮਪੁਰਾ ਪੰਥਕ ਇਕੱਠ ਦੀ ਸਫਲਤਾ ਦੇ ਨਾਲ ਬੇਗਮਪੁਰਾ ਖਾਲਸਾ ਲਹਿਰ ਦੇ ਮੋਢੀ ਸਿਮਰਨਜੀਤ ਸਿੰਘ ਮਾਨ ਜੀ, ਇਮਾਨ ਸਿੰਘ ਮਾਨ ਜੀ ਤੇ ਲਹਿਰ ਦੇ ਕੁਆਰਡੀਨੇਟਰ ਡਾ. ਹਰਜਿੰਦਰ ਸਿੰਘ ਜੱਖੂ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੇ 11 ਬੇਗਮਪੁਰਾ ਪੰਥਕ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਇਕੱਠਾਂ ਨੂੰ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜੈ ਭੀਮ ਟੀਮ ਪੰਜਾਬ ਦੀ ਲੀਡਰਸ਼ਿਪ ਸੰਬੋਧਨ ਕਰੇਗੀ। ਡਾ. ਜੱਖੂ ਨੇ ਦੱਸਿਆ ਕਿ ਦਲਿਤ ਸਮਾਜ ਤੇ ਸਿੱਖ ਸਮਾਜ ਦੁਆਰਾ ਸਾਂਝੇ ਤੌਰ ’ਤੇ ਇਨ੍ਹਾਂ ਇਕੱਠਾਂ ਦੀ ਕਾਮਯਾਬੀ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਦਲਿਤ ਸਮਾਜ ਤੇ ਸਿੱਖ ਸਮਾਜ ਦੀਆਂ ਸਮਾਜਿਕ ਤੇ ਧਾਰਮਿਕ ਸਾਂਝਾਂ ਮਜਬੂਤ ਕਰਕੇ ਅਸੀਂ ਦੁਨੀਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੇ ਗਏ ਤੇ ਦਰਸਾਏ ਗਏ ਖਾਲਸਾ ਸਮਾਜ ਦੀ ਸਿਰਜਣਾ ਵੱਲ ਤੋਰਨ ਦਾ ਯਤਨ ਕਰ ਰਹੇ ਹਾਂ ਤੇ ਗੁਰੂ ਜੀ ਦੇ ਸਿਧਾਂਤਾਂ ਮੁਤਾਬਕ ਮਨੂੰਵਾਦ, ਬਿਪਰਵਾਦ ਤੇ ਉਸਦੇ ਜਾਤਪਾਤੀ ਕਰਮਕਾਂਡੀ ਵਿਧਾਨ ਨੂੰ ਛੱਡ ਕੇ ਸਰਬੱਤ ਦੇ ਭਲੇ ਦੇ ਫਲਸਫੇ ’ਤੇ ਚੱਲਣ ਲਈ ਪ੍ਰੇਰਿਤ ਕਰਾਂਗੇ। ਸਿਮਰਨਜੀਤ ਸਿੰਘ ਮਾਨ ਇਸ ਦਿਸ਼ਾ ਦੇ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾਣ ਲਈ ਸਮਰਪਿਤ ਹਨ। ਇਸੇ ਲਈ ਬੇਗਮਪੁਰਾ ਖਾਲਸਾ ਲਹਿਰ ਚਲਾਈ ਗਈ ਹੈ। ਇਸ ਦੇ ਤਹਿਤ ਬੇਗਮਪੁਰਾ ਪੰਥਕ ਇਕੱਠ ਕਰਕੇ ਦਲਿਤ ਸਮਾਜ ਤੇ ਸਿੱਖ ਸਮਾਜ ਦੇ ਏਕੇ ਲਈ ਯਤਨਸ਼ੀਲ ਡਾ. ਜੱਖੂ ਨੇ ਦੱਸਿਆ ਕਿ ਸੰਗਤ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਜਿਹੜੇ ਮਨੁੱਖਤਾਵਾਦੀ ਨਿਜ਼ਾਮ ਦੇ ਵਿਰੋਧੀ ਮਨੂੰਵਾਦੀ ਸੋਚ ਦੇ ਮਾਲਕ ਹਨ, ਜਿਹੜੇ ਲੋਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਫਲਸਫੇ ਨੂੰ ਨਹੀਂ ਸਮਝ ਰਹੇ ਉਹ ਇਸ ਲਹਿਰ ਦੇ ਵਿਰੋਧ ਵਿੱਚ ਖੜਨ ਦੇ ਯਤਨ ਕਰ ਰਹੇ ਹਨ। ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਜੈ ਭੀਮ ਟੀਮ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਅੰਦਰ 10 ਹੋਰ ਬੇਗਮਪੁਰਾ ਪੰਥਕ ਇਕੱਠ ਕੀਤੇ ਜਾਣਗੇ, ਜਿਨ੍ਹਾਂ ਵਿੱਚ ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 22 ਅਗਸਤ ਨੂੰ, ਜ਼ਿਲ੍ਹਾ ਬਰਨਾਲਾ ਚ 30 ਅਗਸਤ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਚ 13 ਸਤੰਬਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਚ 27 ਸਤੰਬਰ, ਵਿਧਾਨ ਸਭਾ ਹਲਕਾ ਕਰਤਾਰਪੁਰ ਚ 4 ਅਕਤੂਬਰ, ਵਿਧਾਨ ਸਭਾ ਹਲਕਾ ਜੈਤੋ ਚ 8 ਅਕਤੂਬਰ, ਵਿਧਾਨ ਸਭਾ ਹਲਕਾ ਦਸੂਹਾ ਚ 15 ਅਕਤੂਬਰ, ਵਿਧਾਨ ਸਭਾ ਹਲਕਾ ਭਦੌੜ ਚ 24 ਅਕਤੂਬਰ, ਵਿਧਾਨ ਸਭਾ ਹਲਕਾ ਟਾਂਡਾ ਚ 1 ਨਵੰਬਰ ਨੂੰ ਤੇ ਵਿਧਾਨ ਸਭਾ ਹਲਕਾ ਫਿਲੌਰ ਚ 8 ਨਵੰਬਰ, ਵਿਧਾਨ ਸਭਾ ਹਲਕਾ ਜਲੰਧਰ ਕੈਂਟ ਪਿੰਡ ਚਾਚੋਵਾਲ ਚ 15 ਨਵੰਬਰ ਨੂੰ ਵਿਸ਼ਾਲ ਬੇਗਮਪੁਰਾ ਪੰਥਕ ਇਕੱਠ ਕਰਕੇ ਸਿੱਖ ਤੇ ਦਲਿਤ ਸਮਾਜ ਅੰਦਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇਗਾ।