ਸ਼ੀਸ਼ ਮਹਿਲ ਨੇ ਕੇਜਰੀਵਾਲ ਦਾ ਪਰਦਾਫਾਸ਼ ਕੀਤਾ : ਸੂਰੀ ਸ਼ੀਸ਼ ਮਹਿਲ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਪਰਦਾਫਾਸ਼ ਕੀਤਾ : ਚੇਤਨ ਸੂਰੀ
Publish Date: Sun, 29 Nov 2026 07:58 PM (IST)
Updated Date: Sun, 29 Nov 2026 07:58 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ੀਸ਼ ਮਹਿਲ ਵਿਵਾਦ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਏ ਗਏ ਆਮ ਆਦਮੀ ਦੇ ਨਕਾਬ ਨੂੰ ਪੂਰੀ ਤਰ੍ਹਾਂ ਉਤਾਰ ਦਿੱਤਾ ਹੈ, ਜਿਸ ਨਾਲ ਦਿੱਲੀ ਤੇ ਪੰਜਾਬ ਦੇ ਲੋਕਾਂ ਸਾਹਮਣੇ ਉਨ੍ਹਾਂ ਦੇ ਦੋਹਰੇ ਮਾਪਦੰਡ ਬੇਨਕਾਬ ਹੋ ਗਏ ਹਨ। ਇਹ ਗੱਲ ਐਤਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਹੀ। ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਦੇ ਵੀ ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਚਲਾਉਣ ਤੇ ਵੀਆਈਪੀ ਕਲਚਰ ਖ਼ਤਮ ਕਰਨ ਦਾ ਵਾਅਦਾ ਕੇ ਸਿਆਸਤ ਵਿੱਚ ਆਉਣ ਵਾਲੇ ਆਗੂ ਨੇ ਨਾਗਰਿਕਾਂ ਨੂੰ ਸਾਦਗੀ ਦਾ ਪਾਠ ਪੜ੍ਹਾਉਂਦਿਆਂ ਟੈਕਸਦਾਤਾਵਾਂ ਦੇ ਲਗਭਗ 59 ਕਰੋੜ ਰੁਪਏ ਆਲੀਸ਼ਾਨ ਝੂਮਰਾਂ, ਪਰਦਿਆਂ ਤੇ ਮਾਡਿਊਲਰ ਰਸੋਈ ਤੇ ਖ਼ਰਚ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪ੍ਰਮੁੱਖ ਤੀਰਥ ਯਾਤਰਾ ਯੋਜਨਾ’ ਵਾਂਗ ਹੀ ਸ਼ੀਸ਼ ਮਹਿਲ’ ਦੇ ਦਰਸ਼ਨਾਂ ਲਈ ਵੀ ਇੱਕ ਤੀਰਥ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਆਪ ਵਰਕਰਾਂ ਲਈ ਤਾਂ ਕੇਜਰੀਵਾਲ ਦਾ ਸ਼ੀਸ਼ ਮਹਿਲ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਖ਼ੁਦ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਉਨ੍ਹਾਂ ਦੇ ਪੈਸੇ ਦਾ ਕਿਵੇਂ ਮਜ਼ਾਕ ਉਡਾਇਆ ਗਿਆ ਹੈ। ਇਹ ਸਪੱਸ਼ਟ ਕਰਦਿਆਂ ਕਿ ਪੰਜਾਬ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ, ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਪੰਜਾਬੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਨਿੱਜੀ ਖ਼ਜ਼ਾਨਾ ਸਮਝਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਆਪ ਸਰਕਾਰ ਨੂੰ ਸੂਬੇ ਸਿਰ ਚੜ੍ਹ ਰਹੇ ਭਾਰੀ ਕਰਜ਼ੇ ਤੇ ਝੂਠੇ ਇਸ਼ਤਿਹਾਰਾਂ ’ਤੇ ਉਡਾਏ ਗਏ ਕਰੋੜਾਂ ਰੁਪਇਆਂ ਦਾ ਹਿਸਾਬ ਦੇਣਾ ਪਵੇਗਾ।