ਮੇਅਰ ਵੱਲੋਂ ਦੁਕਾਨਦਾਰਾਂ ਨੂੰ ਭੇਜੇ ਨੋਟਿਸ ’ਤੇ ਸ਼ਰਨਜੀਤ ਨੇ ਕੱਸਿਆ ਤੰਜ਼ ਮੇਅਰ ਵਲੋਂ ਦੁਕਾਨਦਾਰਾਂ ਨੂੰ ਭੇਜੇ ਨੋਟਿਸ ਤੇ ਕਸਿਆਂ ਸ਼ਰਨਜੀਤ ਸਿੰਘ ਨੇ ਤੰਜ
Publish Date: Fri, 07 Aug 2026 09:09 PM (IST)
Updated Date: Fri, 07 Aug 2026 09:11 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਚਾਚੋਕੀ ਪੁਲ ਹੇਠਾਂ ਹਰ ਬਰਸਾਤ ਦੌਰਾਨ ਖੜ੍ਹੇ ਹੋਣ ਵਾਲੇ ਪਾਣੀ ਤੇ ਟੁੱਟੀ ਹੋਈ ਲਿੰਕ ਸੜਕ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਫਗਵਾੜਾ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਾਗਰਸ ਜ਼ਿਲ੍ਹਾ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਤੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਜੇਕਰ ਨਗਰ ਨਿਗਮ ਵੱਲੋਂ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਬਣੀਆਂ ਪੌੜੀਆਂ ਤੇ ਹੋਰ ਰੁਕਾਵਟਾਂ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਦੇ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ ਤਾਂ ਚਾਚੋਕੀ ਪੁਲ ਹੇਠਾਂ ਸਾਲਾਂ ਤੋਂ ਪਾਣੀ ਖੜ੍ਹਨ ਦੀ ਸਮੱਸਿਆ ਤੇ ਟੁੱਟੀ ਸੜਕ ਲਈ ਵੀ ਜ਼ਿੰਮੇਵਾਰ ਵਿਭਾਗ ਜਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਅਰ ਸਾਹਬ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਚਾਚੋਕੀ ਪੁਲ ਹੇਠਾਂ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਹੋ ਗਿਆ ਸੀ। ਸੜਕ ਟੁੱਟੀ ਹੋਣ ਕਾਰਣ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਕਈ ਲੋਕ ਦੁਰਘਟਨਾ ਦਾ ਸ਼ਿਕਾਰ ਵੀ ਹੋਏ, ਜਿਸ ਕਾਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਸਤੇ ਤੋਂ ਲੰਘਣ ਵਾਲੇ ਆਮ ਰਾਹਗੀਰ, ਸਕੂਲਾਂ ਦੇ ਵਿਦਿਆਰਥੀ, ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼, ਐਂਬੂਲੈਂਸਾਂ ਤੇ ਹੋਰ ਵਾਹਨ ਚਾਲਕ ਕਾਫ਼ੀ ਪ੍ਰੇਸ਼ਾਨ ਹਨ। ਕਈ ਵਾਰ ਲੋਕਾਂ ਨੂੰ ਲੰਮੇ ਚੱਕਰ ਲਗਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ। ਸ਼ਰਨਜੀਤ ਸਿੰਘ ਤੇ ਤਰਨਜੀਤ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਲਗਾਤਾਰ ਬਣੀ ਹੋਈ ਹੈ। ਹਰ ਬਰਸਾਤ ਦੇ ਮੌਸਮ ਵਿੱਚ ਚਾਚੋਕੀ ਪੁਲ ਹੇਠਾਂ ਪਾਣੀ ਖੜ੍ਹ ਜਾਂਦਾ ਹੈ, ਪਰ ਇਸ ਦਾ ਸਥਾਈ ਹੱਲ ਕਰਨ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਉਹੀ ਸਮੱਸਿਆ ਹੈ ਜੋ ਉਸ ਸਮੇਂ ਤੋਂ ਚੱਲ ਰਹੀ ਹੈ ਜਦੋਂ ਫਗਵਾੜਾ ਦੇ ਬਾਜ਼ਾਰਾਂ ਵਿੱਚ ਵੀ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਚੱਲੀ ਆ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਦਿਆਂ ਹਰ ਗੱਲ ਦਾ ਦੋਸ਼ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਸਿਰ ਮੜ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਸ਼ਹਿਰ ਦੇ ਮੁੱਖ ਡਰੇਨੇਜ ਸਿਸਟਮ, ਸੀਵਰੇਜ ਤੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣਾ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਮੇਅਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਸੱਚਮੁੱਚ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਹੈ ਤਾਂ ਸਭ ਤੋਂ ਪਹਿਲਾਂ ਚਾਚੋਕੀ ਪੁਲ ਹੇਠਾਂ ਬਣੀ ਸੜਕ ਦੀ ਤੁਰੰਤ ਰਿਪੇਅਰ ਕਰਵਾਈ ਜਾਵੇ। ਸ਼ਰਨਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਲੋਕਾਂ ਨੂੰ ਹਰ ਬਰਸਾਤ ਵਿੱਚ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਕਰਨਾ ਕਿਸੇ ਵੀ ਸੂਰਤ ਵਿੱਚ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਿਰਫ਼ ਨੋਟਿਸ ਜਾਰੀ ਕਰਨ ਦੀ ਬਜਾਏ ਜ਼ਮੀਨੀ ਪੱਧਰ ਤੇ ਕੰਮ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਚਾਚੋਕੀ ਪੁਲ ਹੇਠਾਂ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ।