ਗੁਰੂ ਹਰਿਗੋਬਿੰਦ ਨਗਰ ਮਾਰਕੀਟ ’ਚ ਸੀਵਰੇਜ ਜਾਮ, ਲੋਕ ਪਰੇਸ਼ਾਨ ਗੁਰੁ ਹਰਗੋਬਿੰਦ ਨਗਰ ਮਾਰਕੀਟ 'ਚ ਸੀਵਰੇਜ ਜਾਮ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ
Publish Date: Sun, 19 Jul 2026 08:07 PM (IST)
Updated Date: Sun, 19 Jul 2026 08:10 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਹਰਿਗੋਬਿੰਦ ਨਗਰ ਮਾਰਕੀਟ ’ਚ ਸੀਵਰੇਜ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਇੱਥੇ ਸੀਵਰੇਜ ਦਾ ਪਾਣੀ ਬੈਕ ਮਾਰ ਰਿਹਾ ਹੈ, ਜਿਸ ਕਾਰਨ ਮਾਰਕੀਟ ਦੀਆਂ ਸੜਕਾਂ ’ਤੇ ਗੰਦਾ ਪਾਣੀ ਜਮ੍ਹਾਂ ਹੋ ਗਿਆ ਹੈ। ਸਥਾਨਕ ਦੁਕਾਨਦਾਰਾਂ ਅਤੇ ਉੱਥੇ ਆਉਣ ਵਾਲੇ ਗਾਹਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਕਾਰੋਬਾਰ ਦੋਵਾਂ ਲਈ ਵੱਡੀ ਰੁਕਾਵਟ ਬਣ ਗਿਆ ਹੈ। ਖੜ੍ਹੇ ਗੰਦੇ ਪਾਣੀ ਕਾਰਨ ਮੱਛਰ ਵੱਧ ਗਏ ਹਨ ਜਿਸ ਨਾਲ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਾਣੀ ਅਤੇ ਗੰਦਗੀ ਕਾਰਨ ਮਾਰਕੀਟ ਵਿੱਚ ਗਾਹਕਾਂ ਦਾ ਆਉਣਾ-ਜਾਣਾ ਕਾਫੀ ਘੱਟ ਗਿਆ ਹੈ ਜਿਸ ਦਾ ਅਸਰ ਵਪਾਰ ’ਤੇ ਪੈ ਰਿਹਾ ਹੈ। ਲੰਬੇ ਸਮੇਂ ਤੋਂ ਪਾਣੀ ਖੜ੍ਹੇ ਰਹਿਣ ਕਾਰਨ ਉੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਅਤੇ ਇਲਾਕੇ ਵਿੱਚ ਲਗਾਤਾਰ ਬਦਬੂ ਫੈਲੀ ਰਹਿੰਦੀ ਹੈ। ਇਸ ਸਮੱਸਿਆ ਤੋਂ ਪਰੇਸ਼ਾਨ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਸਬੰਧਤ ਵਿਭਾਗ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪ੍ਰਸ਼ਾਸਨ ਇਸ ਸੀਵਰੇਜ ਵਿਵਸਥਾ ਦੀ ਜਾਂਚ ਕਰੇ ਅਤੇ ਇਸ ਦਾ ਕੋਈ ਪੱਕਾ ਹੱਲ ਕੱਢੇ ਤਾਂ ਜੋ ਸ਼ਹਿਰ ਦੀ ਇਸ ਪ੍ਰਮੁੱਖ ਮਾਰਕੀਟ ਨੂੰ ਗੰਦਗੀ ਤੋਂ ਮੁਕਤ ਕੀਤਾ ਜਾ ਸਕੇ। ਇਸ ਮਾਰਕੀਟ ਦੇ ਬਿਲਕੁਲ ਨਾਲ ਬਣੀ ਨਾਜਾਇਜ਼ ਚੌਪਾਟੀ ਜੋ ਕਿ ਨਗਰ ਨਿਗਮ ਵਲੋਂ ਪਾਰਕਿੰਗ ਬਣਾਈ ਗਈ ਸੀ, ਉਸ ’ਤੇ ਮੌਜੂਦ ਹੈ। ਕਈ ਵਾਰ ਮੌਕੇ ’ਤੇ ਕੌਸਲਰ ਨੇ ਇਸ ਨਾਜਾਇਜ਼ ਚੌਪਾਟੀ ਨੂੰ ਹਟਾਉਣ ਦੀ ਕੋਸ਼ਿਸ ਕੀਤੀ ਪਰ ਉਹ ਅਸਫਲ ਰਹੇ। ਚੌਪਾਟੀ ਦਾ ਸਾਰਾ ਪਾਣੀ ਵੀ ਇਸੇ ਸੀਵਰੇਜ ਰਾਹੀਂ ਜਾਣ ਕਾਰਣ ਅਕਸਰ ਇੱਥੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਨਗਰ ਨਿਗਮ ਫਗਵਾੜਾ ਨੂੰ ਨਾਜਾਇਜ਼ ਕਬਜ਼ਿਆਂ ਨਾਲ ਪਤਾ ਨਹੀ ਕੀ ਮੋਹ ਹੈ ਜੋ ਉਹ ਇਨ੍ਹਾਂ ਨੂੰ ਖਾਲੀ ਹੀ ਨਹੀ ਕਰਵਾਉਂਦੇ। ਜੇਕਰ ਕਿਸੇ ਨੇ ਗੁਰੂ ਹਰਿਗੋਬਿੰਦ ਨਗਰ ਵਿਚ ਕੋਈ ਦੁਕਾਨ ਕਿਰਾਏ ’ਤੇ ਲੈਣੀ ਹੋਵੇ ਤਾਂ ਹਜ਼ਾਰਾਂ ਰੁਪਏ ਕਿਰਾਇਆ ਲੱਗਦਾ ਹੈ। ਫੇਰ ਨਗਰ ਨਿਗਮ ਇਸ ਚੌਪਾਟੀ ਤੋਂ ਕਿੰਨੀ ਰਕਮ ਵਸੂਲਦੀ ਹੈ, ਇਹ ਤਾਂ ਉਹੀ ਦੱਸ ਸਕਦੇ ਹਨ। ਬਹਿਰਹਾਲ ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਗੁਰੂ ਹਰਿਗੋਬਿੰਦ ਨਗਰ ਦੇ ਸੀਵਰੇਜ ਦੀ ਸਫਾਈ ਕਰਵਾਈ ਜਾਵੇ।