ਗਿਲੇ-ਸ਼ਿਕਵੇ ਭੁਲਾ ਕੇ ਸਾਂਝੀ ਕਰੋ ਤਿਓਹਾਰਾਂ ਦੀ ਖੁਸ਼ੀ : ਖਾਲਸਾ ਗਿਲੇ-ਸ਼ਿਕਵੇ ਭੁਲਾ ਕੇ ਸਾਂਝੀ ਕਰੋ ਤਿਓਹਾਰਾਂ ਦੀ ਖੁਸ਼ੀ: ਚਰਨਜੀਤ ਸਿੰਘ ਖਾਲਸਾ
Publish Date: Tue, 20 Oct 2026 07:53 PM (IST)
Updated Date: Tue, 20 Oct 2026 07:54 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਤਿਉਹਾਰਾਂ ਦੇ ਇਸ ਖੁਸ਼ੀਆਂ ਭਰੇ ਮਾਹੌਲ ਵਿੱਚ ਫਗਵਾੜਾ ਦੇ ਉੱਘੇ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਤਿਉਹਾਰਾਂ ਦੀਆਂ ਖੁਸ਼ੀਆਂ ਇੱਕ-ਦੂਜੇ ਨਾਲ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ, ਉਤਸ਼ਾਹ ਤੇ ਨਵੀਂ ਉਮੀਦ ਲੈ ਕੇ ਆਉਂਦੇ ਹਨ। ਇਹ ਸਾਨੂੰ ਆਪਸੀ ਪਿਆਰ, ਸਤਿਕਾਰ, ਸਹਿਯੋਗ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਅੰਦਰ ਪਿਆਰ ਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਨਾਂ ਵਿੱਚ ਪੈਦਾ ਹੋਈਆਂ ਦੂਰੀਆਂ ਨੂੰ ਖਤਮ ਕਰਕੇ ਇੱਕ-ਦੂਜੇ ਨਾਲ ਮਿਲਵਰਤਣ ਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ। ਤਿਉਹਾਰ ਸਾਨੂੰ ਇਹ ਮੌਕਾ ਪ੍ਰਦਾਨ ਕਰਦੇ ਹਨ ਕਿ ਅਸੀਂ ਪੁਰਾਣੀਆਂ ਨਾਰਾਜ਼ਗੀਆਂ ਨੂੰ ਪਿੱਛੇ ਛੱਡ ਕੇ ਨਵੇਂ ਸਿਰੇ ਤੋਂ ਰਿਸ਼ਤਿਆਂ ਵਿੱਚ ਮਿਠਾਸ ਭਰੀਏ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਉਦੋਂ ਹੀ ਹੈ, ਜਦੋਂ ਸਮਾਜ ਦਾ ਹਰ ਵਰਗ ਇਨ੍ਹਾਂ ਖੁਸ਼ੀਆਂ ਵਿੱਚ ਸ਼ਾਮਲ ਹੋਵੇ। ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਆਪਸੀ ਸਾਂਝ ਤੇ ਸਦਭਾਵਨਾ ਦਾ ਮਾਹੌਲ ਕਾਇਮ ਰੱਖਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਨੂੰ ਪਿਆਰ, ਸ਼ਾਂਤੀ ਤੇ ਸਦਭਾਵਨਾ ਨਾਲ ਮਨਾਇਆ ਜਾਵੇ ਤੇ ਸਮਾਜ ਵਿੱਚ ਏਕਤਾ ਤੇ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਇਹ ਕਾਮਨਾ ਵੀ ਕੀਤੀ ਹੈ ਕਿ ਰੋਸ਼ਨੀਆਂ ਦੇ ਤਿਓਹਾਰਾਂ ਦੇ ਇਹ ਦਿਨ ਹਰ ਇੱਕ ਦੇ ਜੀਵਨ ਵਿੱਚ ਰੋਸ਼ਨੀ ਹੀ ਰੋਸ਼ਨੀ ਭਰ ਦੇਣ।