ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ : ਧੀਮਾਨ ਸਮਾਜ ਦੇ ਲੋੜਵੰਦ ਵਰਗ ਦੇ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ : ਪ੍ਰਦੀਪ ਧੀਮਾਨ
Publish Date: Sat, 22 Aug 2026 10:06 PM (IST)
Updated Date: Sat, 22 Aug 2026 10:09 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵਿਖੇ ਸਮਾਜ ਸੇਵਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਬੀ ਐਨ ਏਂਜਲ ਡੇ’ ਬੜੇ ਉਤਸ਼ਾਹ ਤੇ ਮਨੁੱਖਤਾ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਅਗਵਾਈ ਹੇਠ ਲੋੜਵੰਦ ਮਰੀਜ਼ਾਂ ਦੀ ਸਿਹਤ ਜਾਂਚ ਕਰਦਿਆਂ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਮਰੀਜ਼ਾਂ ਨੇ ਪਹੁੰਚ ਕੇ ਸਿਹਤ ਜਾਂਚ ਕਰਵਾਈ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਹਸਪਤਾਲ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਵਰਗ ਦੇ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਅੱਜ ਦੇ ਦੌਰ ਵਿੱਚ ਮੁਸ਼ਕਲ ਅਤੇ ਲੋੜ ਦੇ ਸਮੇਂ ਜ਼ਰੂਰਤਮੰਦਾਂ ਦੀ ਬਾਂਹ ਫੜਨਾ ਤੇ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਮੁਢਲਾ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਪ੍ਰਦੀਪ ਧੀਮਾਨ ਨੇ ਕਿਹਾ ਕਿ ਅਜਿਹੇ ਪਰਉਪਕਾਰੀ ਕਾਰਜਾਂ ਦਾ ਮੁੱਖ ਮਕਸਦ ਸਿਰਫ਼ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਉਣਾ ਹੀ ਨਹੀਂ, ਸਗੋਂ ਸਮਾਜ ਵਿੱਚ ਸੇਵਾ ਭਾਵਨਾ ਦਾ ਸੁਨੇਹਾ ਦੇਣਾ ਵੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਇਹ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ-ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹੀਏ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਸਾਰੇ ਰਲ-ਮਿਲ ਕੇ ਲੋੜਵੰਦਾਂ ਦਾ ਸਹਾਰਾ ਬਣਾਂਗੇ ਤਾਂ ਸਮਾਜ ਵਿੱਚੋਂ ਦੁੱਖ-ਤਕਲੀਫ਼ਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਤੇ ਇੱਕ ਸਿਹਤਮੰਦ, ਖੁਸ਼ਹਾਲ ਤੇ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ। ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਪ੍ਰਸ਼ਾਂਤ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ ਭੱਚੂ, ਰੀਤਪ੍ਰੀਤ ਪਾਲ ਸਿੰਘ, ਨਰਿੰਦਰ ਸਿੰਘ, ਜਤਿਨ ਰੂਪਰਾਏ, ਅਸ਼ਵਨੀ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।