ਸੰਤਾਂ ਮਹਾਂਪੁਰਖਾਂ ਨੇ ਸਲੱਮ ਖੇਤਰਾਂ ’ਚ ਕੀਤੀ ਲੰਗਰਾਂ ਦੀ ਸੇਵਾ ਸੰਤਾਂ ਮਹਾਂਪੁਰਖਾਂ ਵੱਲੋਂ ਸਲੱਮ ਖੇਤਰਾਂ ਵਿੱਚ ਲੰਗਰਾਂ ਦੀ ਸੇਵਾ
Publish Date: Tue, 06 Oct 2026 07:36 PM (IST)
Updated Date: Tue, 06 Oct 2026 07:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਫਗਵਾੜਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਸਲੱਮ ਖੇਤਰਾਂ ਵਿੱਚ ਲੋੜਵੰਦ ਲੋਕਾਂ ਲਈ ਲੰਗਰਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਤਾਂ ਮਹਾਂਪੁਰਖਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਸ ਉਪਰਾਲੇ ਨੂੰ ਪੂਰੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਅੰਜਾਮ ਦਿੱਤਾ। ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪਿੰਡ ਪੰਡਵਾ ਵਿਖੇ ਸ਼ਰਧਾ ਨਾਲ ਲੰਗਰ ਤਿਆਰ ਕੀਤੇ ਗਏ, ਉਪਰੰਤ ਸੇਵਾਦਾਰਾਂ ਵੱਲੋਂ ਸਲੱਮ ਖੇਤਰਾਂ ਵਿੱਚ ਪਹੁੰਚ ਕੇ ਲੋੜਵੰਦਾਂ ਨੂੰ ਲੰਗਰ ਵਰਤਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਅਤੇ ਸੇਵਾਦਾਰਾਂ ਨੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ। ਲੋੜਵੰਦਾਂ ਤੱਕ ਲੰਗਰ ਪਹੁੰਚਾਉਣਾ ਗੁਰੂ ਸਾਹਿਬ ਦੇ ਇਸ ਮਹਾਨ ਸੰਦੇਸ਼ ਨੂੰ ਅਮਲ ਵਿੱਚ ਲਿਆਉਣ ਦਾ ਇੱਕ ਉੱਤਮ ਯਤਨ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਅਤੇ ਹਰ ਸਮਰੱਥ ਵਿਅਕਤੀ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੰਤਾਂ ਮਹਾਪੁਰਖਾਂ ਨੇ ਦਸਿਆ ਕਿ ਨਿਰਮਲ ਕੁਟੀਆ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ। ਲੰਗਰ ਦੀ ਇਹ ਸੇਵਾ ਵੀ ਉਸੇ ਸੇਵਾ ਪਰੰਪਰਾ ਦੀ ਇੱਕ ਕੜੀ ਹੈ, ਜਿਸ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਅਤੇ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ।