ਦਾਣਾ ਮੰਡੀ ’ਚ ਨਮੀ ਮਾਪਣ ਵਾਲੀਆਂ ਮਸ਼ੀਨਾਂ ਸਵਾਲਾਂ ਦੇ ਘੇਰੇ ’ਚ ਦਾਣਾ ਮੰਡੀ ਕਪੂਰਥਲਾ ’ਚ ਨਮੀ ਮਾਪਣ ਵਾਲੀਆਂ ਮਸ਼ੀਨਾਂ ’ਤੇ ਵੱਡੇ ਸਵਾਲ!
Publish Date: Sat, 17 Oct 2026 07:36 PM (IST)
Updated Date: Sat, 17 Oct 2026 07:39 PM (IST)
----ਪੰਜ ਡਿਜੀਟਲ ਮੀਟਰ ਖ਼ਰਾਬ ਹੋਣ ਦੇ ਦਾਅਵੇ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ ----ਕਿਸਾਨਾਂ ਦੀ ਲੁੱਟ ਦੇ ਮਾਮਲੇ ’ਤੇ ਚੁੱਪ ਨਹੀਂ ਬੈਠਾਂਗੇ : ਭੰਡਾਲ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਦਾਣਾ ਮੰਡੀ ਕਪੂਰਥਲਾ ਵਿਖੇ ਪਹੁੰਚ ਕੇ ਕਿਸਾਨਾਂ ਨੂੰ ਫ਼ਸਲ ਦੀ ਖ਼ਰੀਦ ਦੌਰਾਨ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਨੂੰ ਲੈ ਕੇ ਅਜਿਹੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਮੰਡੀ ਪ੍ਰਬੰਧਾਂ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਚੇਅਰਮੈਨ ਮੰਡੀ ਬੋਰਡ ਗੁਰਪਾਲ ਸਿੰਘ ਇੰਡੀਅਨ ਨਾਲ ਮੁਲਾਕਾਤ ਦੌਰਾਨ ਅਧਿਕਾਰੀਆਂ ਨੇ ਪਹਿਲਾਂ ਕਿਹਾ ਕਿ ਨਮੀ ਮਾਪਣ ਵਾਲੀਆਂ ਹਾਈਟੈਕ ਡਿਜੀਟਲ ਮਸ਼ੀਨਾਂ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੁਧਿਆਣਾ ਯੂਨੀਵਰਸਿਟੀ ਵੱਲੋਂ ਲੋੜੀਂਦੀ ਸਿਖਲਾਈ ਜਾਂ ਮਾਹਿਰ ਅਧਿਕਾਰੀ ਮੁਹੱਈਆ ਨਹੀਂ ਕਰਵਾਇਆ ਗਿਆ। ਭੰਡਾਲ ਅਨੁਸਾਰ, ਜਦੋਂ ਚੇਅਰਮੈਨ ਦੇ ਦਫ਼ਤਰ ਵਿੱਚ ਦੂਜੀ ਮੀਟਿੰਗ ਹੋਈ ਤਾਂ ਉਨ੍ਹਾਂ ਹੀ ਅਧਿਕਾਰੀਆਂ ਨੇ ਆਪਣੇ ਬਿਆਨ ਵਿੱਚ ਤਬਦੀਲੀ ਕਰਦਿਆਂ ਕਿਹਾ ਕਿ ਨਮੀ ਮਾਪਣ ਵਾਲੀਆਂ ਪੰਜ ਡਿਜੀਟਲ ਮਸ਼ੀਨਾਂ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਇੱਕੋ ਮਾਮਲੇ ਬਾਰੇ ਅਧਿਕਾਰੀਆਂ ਦੇ ਵੱਖੋ-ਵੱਖਰੇ ਬਿਆਨ ਕਈ ਸ਼ੰਕੇ ਪੈਦਾ ਕਰਦੇ ਹਨ। ਉੱਧਰ, ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਵੀ ਇਹ ਕਹਿੰਦਿਆਂ ਆਪਣੀ ਬੇਵਸੀ ਜ਼ਾਹਰ ਕੀਤੀ ਕਿ ਇਹ ਵਿਭਾਗ ਉਨ੍ਹਾਂ ਲਈ ਨਵਾਂ ਹੈ ਤੇ ਉਹ ਅਜੇ ਕੰਮ ਸਿੱਖ ਰਹੇ ਹਨ। ਗੁਰਦੀਪ ਸਿੰਘ ਭੰਡਾਲ ਨੇ ਸਵਾਲ ਉਠਾਇਆ ਕਿ ਜੇਕਰ ਇਹ ਮਸ਼ੀਨਾਂ ਖ਼ਰਾਬ ਸਨ ਤਾਂ ਪਿਛਲੇ ਹਫ਼ਤੇ ਤੱਕ ਇਨ੍ਹਾਂ ਰਾਹੀਂ ਨਮੀ ਕਿਵੇਂ ਮਾਪੀ ਜਾ ਰਹੀ ਸੀ? ਉਨ੍ਹਾਂ ਦੋਸ਼ ਲਾਇਆ ਕਿ ਮਸ਼ੀਨਾਂ ਨੂੰ ਖ਼ਰਾਬ ਐਲਾਨ ਕੇ ਡੱਬਿਆਂ ਵਿੱਚ ਬੰਦ ਕਰ ਦੇਣ ਤੋਂ ਬਾਅਦ ਕਿਸਾਨਾਂ ਦੀ ਫ਼ਸਲ ਵਿੱਚ ਨਮੀ ਦੇ ਨਾਂ ’ਤੇ ਕਥਿਤ ਲੁੱਟ ਦਾ ਰਾਹ ਖੋਲ੍ਹਿਆ ਗਿਆ ਹੈ। ਉਨ੍ਹਾਂ ਇਸ ਸਾਰੇ ਮਾਮਲੇ ਵਿੱਚ ਆੜ੍ਹਤੀਆਂ, ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਕਥਿਤ ਮਿਲੀਭੁਗਤ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਭੰਡਾਲ ਨੇ ਕਿਹਾ ਕਿ ਜੇਕਰ ਮਸ਼ੀਨਾਂ ਦੀ ਵਰਤੋਂ ਵਿੱਚ ਕੋਈ ਤਕਨੀਕੀ ਖ਼ਾਮੀ ਸੀ ਤਾਂ ਉਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ਦੀ ਸੀ, ਨਾ ਕਿ ਕਿਸਾਨਾਂ ਨੂੰ ਅਸਮੰਜਸ ਵਿੱਚ ਪਾ ਕੇ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਪ੍ਰਭਾਵਿਤ ਕਰਨ ਦੀ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਹਨ ਤੇ ਮੰਡੀਆਂ ਵਿੱਚ ਉਨ੍ਹਾਂ ਨੂੰ ਪਾਰਦਰਸ਼ੀ ਤੇ ਨਿਆਂਸੰਗਤ ਪ੍ਰਬੰਧ ਮਿਲਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਵੱਲੋਂ ਨਮੀ ਮਾਪਣ ਲਈ ਡਿਜੀਟਲ ਮਸ਼ੀਨਾਂ ਨੂੰ ਸਹੀ ਤੇ ਪ੍ਰਮਾਣਿਤ ਤਰੀਕਾ ਮੰਨੇ ਜਾਣ ਦੇ ਮੱਦੇਨਜ਼ਰ ਇਹ ਜਾਂਚ ਹੋਣੀ ਲਾਜ਼ਮੀ ਹੈ ਕਿ ਮਸ਼ੀਨਾਂ ਅਸਲ ਵਿੱਚ ਕਦੋਂ ਤੇ ਕਿਵੇਂ ਖ਼ਰਾਬ ਹੋਈਆਂ, ਉਨ੍ਹਾਂ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਗਈ ਤੇ ਕਿਸਾਨਾਂ ਦੀ ਫ਼ਸਲ ਵਿੱਚ ਨਮੀ ਦੀ ਜਾਂਚ ਕਿਹੜੇ ਮਾਪਦੰਡਾਂ ਅਨੁਸਾਰ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਭੰਡਾਲ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਖ਼ਤਮ ਨਹੀਂ ਹੋਣ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜੇ ਮਸ਼ੀਨਾਂ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਉਨ੍ਹਾਂ ਦੇ ਖ਼ਰਾਬ ਹੋਣ ਦੀ ਮਿਤੀ ਤੇ ਰਿਕਾਰਡ ਜਨਤਕ ਕੀਤਾ ਜਾਵੇ ਤੇ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਵਿੱਚ ਹੋਈ ਕਿਸੇ ਵੀ ਸੰਭਾਵਿਤ ਬੇਨਿਯਮੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਰ ਪੱਧਰ ’ਤੇ ਆਵਾਜ਼ ਉਠਾਈ ਜਾਵੇਗੀ ਤੇ ਦੋਸ਼ਾਂ ਦੀ ਨਿਰਪੱਖ ਜਾਂਚ ਤੋਂ ਬਿਨਾਂ ਇਸ ਮਾਮਲੇ ਨੂੰ ਛੱਡਿਆ ਨਹੀਂ ਜਾਵੇਗਾ।