
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਾਨ ਬਾਬਾ ਗਰੋਹ ’ਤੇ ਗੰਭੀਰ ਸਵਾਲ, ਸਪੇਨ ਭੇਜਣ ਦੇ ਨਾਂ ’ਤੇ 2 ਨੌਜਵਾਨ ਡੌਂਕਰਾਂ ਦੇ ਚੁੰਗਲ ’ਚ

ਸਪੇਨ ਭੇਜਣ ਦੇ ਨਾਂ ’ਤੇ 2 ਨੌਜਵਾਨ ਡੌਂਕਰਾਂ ਦੇ ਚੁੰਗਲ ’ਚ ਫਸੇ
ਡੀਜੀਪੀ ਪੰਜਾਬ ਤੇ ਵਿਦੇਸ਼ ਮੰਤਰਾਲਾ ਖਾਨ ਬਾਬਾ ਗਿਰੋਹ ਦੀ ਕਰਵਾਏ ਜਾਂਚ : ਸੰਤ ਸੀਚੇਵਾਲ
ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਕਥਿਤ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਖਤਰਨਾਕ ਨੈੱਟਵਰਕ ਦੇ ਹਵਾਲੇ ਕੀਤੇ ਜਾਣ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸਪੇਨ ਭੇਜਣ ਦਾ ਸੁਪਨਾ ਦਿਖਾ ਕੇ 2 ਨੌਜਵਾਨਾਂ ਨੂੰ ਕਥਿਤ ਤੌਰ ’ਤੇ ਥਾਈਲੈਂਡ ਵਿੱਚ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਕਰੀਬ 10 ਦਿਨਾਂ ਤੱਕ ਕਥਿਤ ਤੌਰ ’ਤੇ ਤਸ਼ੱਦਦ ਸਹਿਣਾ ਪਿਆ। ਇਸ ਦੌਰਾਨ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਮਾਮਲੇ ਵਿੱਚ ਕਥਿਤ ‘ਖਾਨ ਬਾਬਾ ਗਰੋਹ’ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਦੋਵਾਂ ਪੀੜਤ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਆਪਣਾ ਦਰਦ ਸਾਂਝਾ ਕੀਤਾ ਤੇ ਇਨਸਾਫ਼ ਦੀ ਗੁਹਾਰ ਲਗਾਈ। ਪਰਿਵਾਰਾਂ ਨੇ ਮੰਗ ਕੀਤੀ ਕਿ ਕਥਿਤ ਟਰੈਵਲ ਏਜੰਟ ਤੇ ਡੌਂਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਥਾਈਲੈਂਡ ਵਿੱਚ ਫਸੇ ਕੁਲਰਾਜ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ ਕਰਵਾਈ ਜਾਵੇ। ਪੀੜਤ ਪਰਿਵਾਰਾਂ ਅਨੁਸਾਰ ਮਨਪ੍ਰੀਤ ਸਿੰਘ ਵਾਸੀ ਪਿੰਡ ਗਿੱਲਾਂ, ਸੁਲਤਾਨਪੁਰ ਲੋਧੀ ਤੇ ਕੁਲਰਾਜ ਸਿੰਘ ਵਾਸੀ ਪਿੰਡ ਮਾਣਕ, ਜ਼ਿਲ੍ਹਾ ਜਲੰਧਰ ਦੀ ਸਪੇਨ ਜਾਣ ਸਬੰਧੀ ਗੱਲਬਾਤ ਲੋਹੀਆਂ ਵਾਸੀ ਸੰਜੀਵ ਕੁਮਾਰ ਨਾਲ ਹੋਈ ਸੀ, ਜਿਸ ਦਾ ਡੱਲਾ ਪਿੰਡ ਵਿਖੇ ਦਫ਼ਤਰ ਦੱਸਿਆ ਗਿਆ ਹੈ। ਪਰਿਵਾਰਾਂ ਮੁਤਾਬਕ ਦੋਵਾਂ ਨੌਜਵਾਨਾਂ ਨੂੰ ਸਪੇਨ ਪਹੁੰਚਾਉਣ ਲਈ ਕਰੀਬ 11.5 ਲੱਖ ਰੁਪਏ ਪ੍ਰਤੀ ਨੌਜਵਾਨ ਦੇਣ ਦੀ ਗੱਲ ਤੈਅ ਹੋਈ ਸੀ ਤੇ ਰਕਮ ਸਪੇਨ ਪਹੁੰਚਣ ਤੋਂ ਬਾਅਦ ਦੇਣੀ ਸੀ।
ਭਾਰਤ ਵਾਪਸ ਪਰਤੇ ਮਨਪ੍ਰੀਤ ਸਿੰਘ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਕਿਹਾ ਕਿ ਉਹ ਦਿਨ ਉਸ ਦੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਦਿਨ ਸਨ। ਉਸ ਨੇ ਦੱਸਿਆ ਕਿ ਸਪੇਨ ਜਾਣ ਦੇ ਸੁਪਨੇ ਨਾਲ ਘਰੋਂ ਨਿਕਲਿਆ ਸੀ, ਪਰ ਥਾਈਲੈਂਡ ਪਹੁੰਚਦੇ ਹੀ ਉਸ ਨੂੰ ਅਜਿਹੇ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਕੋਲੋਂ ਆਪਣੀ ਜਾਨ ਬਚਾਉਣਾ ਵੀ ਮੁਸ਼ਕਲ ਹੋ ਗਿਆ। ਮਨਪ੍ਰੀਤ ਅਨੁਸਾਰ ਉਸ ਨੂੰ ਤੇ ਕੁਲਰਾਜ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਡਰਾਇਆ-ਧਮਕਾਇਆ ਗਿਆ ਤੇ ਤਸ਼ੱਦਦ ਕੀਤਾ ਗਿਆ। ਉਸ ਨੇ ਦੱਸਿਆ ਕਿ ਡੌਂਕਰਾਂ ਵੱਲੋਂ ਪਰਿਵਾਰਾਂ ਨਾਲ ਸੰਪਰਕ ਕਰਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਤੇ ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਮਨਪ੍ਰੀਤ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਡੌਂਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਵੱਖ-ਵੱਖ ਸਮਿਆਂ ’ਤੇ ਕਰੀਬ 24 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਮਨਪ੍ਰੀਤ ਨੂੰ ਰਿਹਾਅ ਕਰ ਦਿੱਤਾ ਗਿਆ। ਦੂਜੇ ਪਾਸੇ ਕੁਲਰਾਜ ਸਿੰਘ ਦੀ ਪਤਨੀ ਨੇਹਾ ਦਾ ਦੋਸ਼ ਹੈ ਕਿ ਡੌਂਕਰਾਂ ਵੱਲੋਂ ਉਨ੍ਹਾਂ ਤੋਂ 8 ਲੱਖ ਰੁਪਏ ਲੈ ਲਏ ਗਏ, ਪਰ ਇਸ ਤੋਂ ਬਾਅਦ ਹੋਰ 15 ਲੱਖ ਰੁਪਏ ਦੀ ਮੰਗ ਕੀਤੀ ਗਈ।
ਸੰਤ ਸੀਚੇਵਾਲ ਨੇ ‘ਖਾਨ ਬਾਬਾ ਗਰੋਹ’ ਦੀ ਜਾਂਚ ਦੀ ਕੀਤੀ ਮੰਗ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜੇਕਰ ‘ਖਾਨ ਬਾਬਾ ਗਰੋਹ’ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਸ ਦੀਆਂ ਜੜ੍ਹਾਂ ਤੱਕ ਪਹੁੰਚਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਵਿਦੇਸ਼ ਮੰਤਰਾਲਾ ਵੀ ਇਸ ਮਾਮਲੇ ਦੀ ਸਾਰ ਲਵੇ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਕਥਿਤ ਨੈੱਟਵਰਕ ਵਿੱਚ ਕੌਣ-ਕੌਣ ਲੋਕ ਸ਼ਾਮਲ ਹਨ ਤੇ ਪੰਜਾਬ ਦੇ ਹੋਰ ਕਿੰਨੇ ਨੌਜਵਾਨ ਇਸ ਦੇ ਨਿਸ਼ਾਨੇ ’ਤੇ ਹਨ। ਸੰਤ ਸੀਚੇਵਾਲ ਨੇ ਖਾਸ ਤੌਰ ’ਤੇ ਸਵਾਲ ਉਠਾਇਆ ਕਿ ਇੱਕ ਵਿਅਕਤੀ ਬਿਨਾਂ ਪਾਸਪੋਰਟ ਦੇ ਸਿਰਫ਼ ਟਿਕਟ ਦੇ ਆਧਾਰ ’ਤੇ ਭਾਰਤ ਵਾਪਸ ਕਿਵੇਂ ਆ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਪੱਖ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਠੱਗ ਟਰੈਵਲ ਏਜੰਟਾਂ ਤੋਂ ਬਚਣ ਤੇ ਵਿਦੇਸ਼ ਜਾਣ ਦੀ ਦੌੜ ਵਿੱਚ ਆਪਣੀ ਜ਼ਿੰਦਗੀ ਦੀ ਕਮਾਈ ਤੇ ਸੁਰੱਖਿਆ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਹਿ ਕੇ ਵੀ ਮਿਹਨਤ ਨਾਲ ਤਰੱਕੀ ਕੀਤੀ ਜਾ ਸਕਦੀ ਹੈ। ਦੋਵਾਂ ਪਰਿਵਾਰਾਂ ਨੇ ਉਮੀਦ ਜਤਾਈ ਕਿ ਸੰਤ ਸੀਚੇਵਾਲ ਦੇ ਦਖ਼ਲ ਨਾਲ ਮਾਮਲਾ ਸਬੰਧਤ ਅਧਿਕਾਰੀਆਂ ਤੱਕ ਪਹੁੰਚੇਗਾ ਤੇ ਕੁਲਰਾਜ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ ਦੇ ਨਾਲ-ਨਾਲ ਕਥਿਤ ਏਜੰਟਾਂ ਤੇ ਡੌਂਕਰਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।