ਜੀਵਨ ਰਕਸ਼ਾ ਪਦਕ ਐਵਾਰਡਜ਼ ਲਈ ਸਿਫ਼ਾਰਸ਼ਾਂ ਭੇਜੀਆਂ ਜਾਣ : ਡੀਸੀ ਜੀਵਨ ਰਕਸ਼ਾ ਪਦਕ ਅਵਾਰਡਜ਼-2026 ਲਈ ਸਿਫ਼ਾਰਸ਼ਾਂ ਰਾਜ ਸਰਕਾਰ ਨੂੰ ਭੇਜਣ ਦੀ ਆਖਰੀ ਮਿਤੀ 30 ਸਤੰਬਰ: ਡਿਪਟੀ ਕਮਿਸ਼ਨਰ
Publish Date: Mon, 07 Sep 2026 09:17 PM (IST)
Updated Date: Mon, 07 Sep 2026 09:19 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜੀਵਨ ਰਕਸ਼ਾ ਪਦਕ ਐਵਾਰਡਜ਼-2026 ਲਈ ਯੋਗ ਵਿਅਕਤੀਆਂ ਦੀਆਂ ਸਿਫ਼ਾਰਸ਼ਾਂ ਮੰਗੀਆਂ ਗਈਆਂ ਹਨ। ਇਨ੍ਹਾਂ ਸਿਫ਼ਾਰਸ਼ਾਂ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਵੱਲੋਂ ਅੱਗੇ ਰਾਜ ਸਰਕਾਰ ਨੂੰ ਭੇਜਣ ਦੀ ਆਖਰੀ ਮਿਤੀ ਹੁਣ 30 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਇਸ ਲਈ ਜ਼ਿਲ੍ਹੇ ਦੇ ਯੋਗ ਵਿਅਕਤੀਆਂ ਦੀਆਂ ਸਿਫ਼ਾਰਸ਼ਾਂ ਤੈਅ ਸਮੇਂ ਤੋਂ ਪਹਿਲਾਂ ਦਫ਼ਤਰ ਵਿਖੇ ਪਹੁੰਚਣੀਆਂ ਲਾਜ਼ਮੀ ਹਨ, ਤਾਂ ਜੋ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਸਮੇਂ ਸਿਰ ਅੱਗੇ ਭੇਜਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਫ਼ਾਰਸ਼ਾਂ ਭੇਜਣ ਸਮੇਂ ਨਿਰਧਾਰਤ ਨੁਕਤਿਆਂ ਤੇ ਸ਼ਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ। ਸਿਫ਼ਾਰਸ਼ਾਂ ਦੇ ਨਾਲ ਸਾਈਟੇਸ਼ਨ, ਪਾਸਪੋਰਟ ਸਾਈਜ਼ ਫੋਟੋਆਂ ਸਮੇਤ, ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ 2-2 ਕਾਪੀਆਂ ਦੇ ਰੂਪ ਵਿੱਚ ਭੇਜਣੀ ਲਾਜ਼ਮੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਸ ਵੀ ਵਿਅਕਤੀ ਦੇ ਨਾਂ ਦੀ ਸਿਫ਼ਾਰਸ਼ ਕੀਤੀ ਜਾਣੀ ਹੈ, ਉਸ ਵੱਲੋਂ ਕੀਤੇ ਗਏ ਬਹਾਦਰੀ ਦੇ ਕੰਮਾਂ ਦੀ ਪੂਰੀ ਤਰ੍ਹਾਂ ਨਾਲ ਪੜਤਾਲ ਕਰ ਲਈ ਜਾਵੇ। ਪੂਰੀ ਤਸੱਲੀ ਹੋਣ ਉਪਰੰਤ ਹੀ ਨਾਂ ਅੱਗੇ ਭੇਜਿਆ ਜਾਵੇ ਤਾਂ ਜੋ ਸਬੰਧਤ ਵਿਅਕਤੀ ਦੀ ਯੋਗਤਾ ਸਾਬਤ ਹੋ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀਆਂ ਜਾਂ ਕਰਮਚਾਰੀਆਂ ਬਾਰੇ ਸਿਫ਼ਾਰਸ਼ਾਂ ਸਬੰਧਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਜਾਂ ਪ੍ਰਮੁੱਖ ਸਕੱਤਰ ਰਾਹੀਂ ਹੀ ਭੇਜੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਜ਼ਿਕਰਯੋਗ ਹੈ ਕਿ ਇਹ ਵੱਕਾਰੀ ਪੁਰਸਕਾਰ ਉਨ੍ਹਾਂ ਬਹਾਦਰ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡੁੱਬਣ, ਅੱਗ ਲੱਗਣ, ਕਰੰਟ ਲੱਗਣ, ਕੁਦਰਤੀ ਆਫ਼ਤਾਂ ਜਾਂ ਕਿਸੇ ਹਾਦਸੇ ਸਮੇਂ ਦੂਜਿਆਂ ਦੀ ਜਾਨ ਬਚਾਈ ਹੋਵੇ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।