ਆਰਸੀਐੱਫ ’ਚ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਕਰਵਾਇਆ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਵਿਜੀਲੈਂਸ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ
Publish Date: Fri, 30 Oct 2026 09:47 PM (IST)
Updated Date: Fri, 30 Oct 2026 09:49 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ 26 ਅਕਤੂਬਰ ਤੋਂ 1 ਨਵੰਬਰ 2026 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ-2026 ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਨਿਰਧਾਰਤ ਮੁੱਖ ਖੇਤਰਾਂ ਅਧੀਨ ਆਰਸੀਐੱਫ ਦੇ ਵਿਜੀਲੈਂਸ ਵਿਭਾਗ ਵੱਲੋਂ 17 ਅਗਸਤ ਤੋਂ 16 ਨਵੰਬਰ 2026 ਤੱਕ ਚੱਲਣ ਵਾਲੀ ਤਿੰਨ ਮਹੀਨਿਆਂ ਦੀ ਵਿਜੀਲੈਂਸ ਜਾਗਰੂਕਤਾ ਮੁਹਿੰਮ ਦੌਰਾਨ ਵੱਖ-ਵੱਖ ਰੋਕਥਾਮ ਸਬੰਧੀ ਵਿਜੀਲੈਂਸ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸਾਲ ਦੀ ਮੁਹਿੰਮ ਦਾ ਰਾਸ਼ਟਰੀ ਵਿਸ਼ਾ ਖੁਸ਼ਹਾਲੀ ਲਈ ਇਮਾਨਦਾਰੀ ਹੈ। ਇਸੇ ਲੜੀ ਤਹਿਤ ਅੱਜ ਆਰਸੀਐੱਫ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਅਜੈ ਨੰਦਨ ਜਨਰਲ ਮੈਨੇਜਰ ਆਰਸੀਐੱਫ, ਰਵੀ ਕੁਮਾਰ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ, ਵਿਨੋਦ ਪਾਲ ਚੀਫ਼ ਵਿਜੀਲੈਂਸ ਅਫ਼ਸਰ ਤੇ ਆਰਸੀਐੱਫ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜਨਰਲ ਮੈਨੇਜਰ ਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਅਜੈ ਨੰਦਨ ਨੇ ਆਰਸੀਐੱਫ ਦੇ ਵਿਜੀਲੈਂਸ ਵਿਭਾਗ ਵੱਲੋਂ ਪ੍ਰਕਾਸ਼ਿਤ ਵਿਜੀਲੈਂਸ ਬੁਲੇਟਿਨ ਦੇ 27ਵੇਂ ਅੰਕ ਨੂੰ ਜਾਰੀ ਕੀਤਾ, ਜਿਸ ਵਿੱਚ ਵਿਜੀਲੈਂਸ ਨਾਲ ਸਬੰਧਤ ਮਹੱਤਵਪੂਰਨ ਪਹਿਲਕਦਮੀਆਂ ਤੇ ਗਤੀਵਿਧੀਆਂ ਨੂੰ ਦਰਸਾਇਆ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਨੋਦ ਪਾਲ, ਚੀਫ਼ ਵਿਜੀਲੈਂਸ ਅਫ਼ਸਰ ਨੇ ਮੁਹਿੰਮ ਦੌਰਾਨ ਆਰਸੀਐੱਫ ਦੇ ਵਿਜੀਲੈਂਸ ਵਿਭਾਗ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਾਰੇ ਅਧਿਕਾਰੀਆਂ, ਸੁਪਰਵਾਈਜ਼ਰਾਂ ਤੇ ਕਰਮਚਾਰੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਇਮਾਨਦਾਰੀ, ਸੱਚਾਈ ਤੇ ਪਾਰਦਰਸ਼ਤਾ ਦੇ ਸਿਧਾਂਤਾਂ ਨੂੰ ਅਪਣਾ ਕੇ ਭ੍ਰਿਸ਼ਟਾਚਾਰ ਦੇ ਖਾਤਮੇ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਜੁਗਲ ਕਿਸ਼ੋਰ, ਡਿਪਟੀ ਚੀਫ਼ ਵਿਜੀਲੈਂਸ ਅਫ਼ਸਰ ਨੇ ਰੋਕਥਾਮ ਸਬੰਧੀ ਵਿਜੀਲੈਂਸ ਦੇ ਵੱਖ-ਵੱਖ ਪਹਿਲੂਆਂ ਤੇ ਇਸ ਦਿਸ਼ਾ ਵਿੱਚ ਆਰਸੀਐੱਫ ਦੇ ਵਿਜੀਲੈਂਸ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਇੱਕ ਪ੍ਰਸਤੁਤੀ ਦਿੱਤੀ। ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਅਜੈ ਨੰਦਨ ਨੇ ਜ਼ੋਰ ਦੇ ਕੇ ਕਿਹਾ ਕਿ ਵਿਜੀਲੈਂਸ ਸਿਰਫ਼ ਵਿਜੀਲੈਂਸ ਵਿਭਾਗ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਹਰੇਕ ਅਧਿਕਾਰੀ ਤੇ ਕਰਮਚਾਰੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਫਰਜ਼ ਨਿਭਾਉਂਦੇ ਸਮੇਂ ਪੂਰੀ ਤਰ੍ਹਾਂ ਸਤਰਕ ਰਹਿਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਿਰਧਾਰਤ ਪ੍ਰਕਿਰਿਆਵਾਂ, ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇ। ਇਸ ਮੁਹਿੰਮ ਤਹਿਤ ਵਿਜੀਲੈਂਸ ਵਿਭਾਗ ਵੱਲੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਦੁਆਰਾ ਨਿਰਧਾਰਤ ਮੁੱਖ ਖੇਤਰਾਂ ਵਿੱਚ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਸੈਮੀਨਾਰ, ਵੱਖ-ਵੱਖ ਮੁਕਾਬਲੇ, ਨੁੱਕੜ ਨਾਟਕ ਤੇ ਜਾਗਰੂਕਤਾ ਰੈਲੀਆਂ ਸ਼ਾਮਲ ਹਨ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਰੋਕਥਾਮ ਸਬੰਧੀ ਵਿਜੀਲੈਂਸ ਨੂੰ ਉਤਸ਼ਾਹਿਤ ਕਰਨਾ ਤੇ ਕਰਮਚਾਰੀਆਂ ਨੂੰ ਜਨਤਕ ਸੇਵਾ ਵਿੱਚ ਨੈਤਿਕ ਆਚਰਨ ਤੇ ਇਮਾਨਦਾਰੀ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਸਪਤਾਹ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਵੀ ਚੁਕਾਈ ਗਈ। ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਕਰਮਚਾਰੀਆਂ ਤੇ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਰਸੀਐੱਫ ਕੈਂਪਸ ਦੇ ਵੱਖ-ਵੱਖ ਸਥਾਨਾਂ ਤੇ ਵਿਜੀਲੈਂਸ ਜਾਗਰੂਕਤਾ ਸਬੰਧੀ ਬੈਨਰ, ਪੋਸਟਰ ਤੇ ਸੈਲਫੀ ਪੁਆਇੰਟ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ, ਤਕਨੀਕੀ ਸਿਖਲਾਈ ਕੇਂਦਰ ਵਿਖੇ ਕਰਮਚਾਰੀਆਂ ਦੀ ਜਾਗਰੂਕਤਾ ਤੇ ਵਿਜੀਲੈਂਸ ਨਾਲ ਸਬੰਧਤ ਕਾਰਜ-ਪ੍ਰਣਾਲੀਆਂ ਬਾਰੇ ਸਮਝ ਵਧਾਉਣ ਲਈ ਵੱਖ-ਵੱਖ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਏ ਗਏ ਹਨ। ਪ੍ਰਕਿਰਿਆਵਾਂ ਦੇ ਡਿਜੀਟਲੀਕਰਨ ਤੇ ਠੇਕਾ ਪ੍ਰਬੰਧਨ ਮਾਡਿਊਲ ਤਿਆਰ ਕਰਨ ਦੀ ਦਿਸ਼ਾ ਵਿੱਚ ਵੀ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਦੇਸ਼ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ, ਕਾਰਜਕੁਸ਼ਲਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ। ਵਿਜੀਲੈਂਸ ਜਾਗਰੂਕਤਾ ਹਫ਼ਤਾ ਹਰ ਸਾਲ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਦੇ ਮੌਕੇ ਤੇ ਮਨਾਇਆ ਜਾਂਦਾ ਹੈ, ਜਿਨ੍ਹਾਂ ਦਾ ਜੀਵਨ ਤੇ ਆਦਰਸ਼ ਅਟੁੱਟ ਇਮਾਨਦਾਰੀ, ਦੇਸ਼ ਭਗਤੀ ਤੇ ਰਾਸ਼ਟਰ ਪ੍ਰਤੀ ਸਮਰਪਣ ਦੇ ਪ੍ਰਤੀਕ ਹਨ।