ਲਾਇਲਪੁਰ ਖ਼ਾਲਸਾ ਕਾਲਜ ’ਚ ਕਾਨੂੰਨੀ ਸਹਾਇਤਾ ’ਤੇ ਸੈਮੀਨਾਰ ਕਰਵਾਇਆ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਨੂੰਨੀ ਸਹਾਇਤਾ, ਵਿਚੋਲਗੀ ਅਤੇ ਸੁਲ੍ਹਾ-ਸਫ਼ਾਈ ਸਬੰਧੀ ਸੈਮੀਨਾਰ ਆਯੋਜਿਤ
Publish Date: Sun, 18 Oct 2026 09:17 PM (IST)
Updated Date: Sun, 18 Oct 2026 09:18 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਲੀਗਲ ਏਡ ਕਲੱਬ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਕਾਨੂੰਨੀ ਸਹਾਇਤਾ ਤੇ ਮਦਦ, ਵਿਚੋਲਗੀ ਤੇ ਸੁਲ੍ਹਾ-ਸਫ਼ਾਈ ਵਿਸ਼ੇ ’ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਆਂ ਤੱਕ ਪਹੁੰਚ, ਕਾਨੂੰਨੀ ਅਧਿਕਾਰਾਂ ਤੇ ਬਦਲਵੀਆਂ ਵਿਵਾਦ ਨਿਪਟਾਰਾ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਐਡਵੋਕੇਟ ਪਵਨ ਕਾਲੀਆ ਨੇ ਮੁੱਖ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮਾਜ ਦੇ ਹਰ ਵਰਗ ਤੱਕ ਨਿਆਂ ਦੀ ਪਹੁੰਚ ਯਕੀਨੀ ਬਣਾਉਣ ਵਿੱਚ ਕਾਨੂੰਨੀ ਸਹਾਇਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਯੋਗ ਵਿਅਕਤੀਆਂ, ਖ਼ਾਸ ਕਰਕੇ ਸਮਾਜ ਦੇ ਕਮਜ਼ੋਰ ਤੇ ਵਾਂਝੇ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਤੇ ਸਲਾਹ ਪ੍ਰਦਾਨ ਕੀਤੀ ਜਾਂਦੀ ਹੈ। ਸੈਮੀਨਾਰ ਦੌਰਾਨ ਐਡਵੋਕੇਟ ਪਵਨ ਕਾਲੀਆ ਨੇ ਵਿਚੋਲਗੀ ਤੇ ਸੁਲ੍ਹਾ-ਸਫ਼ਾਈ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਵਿਵਾਦਾਂ ਨੂੰ ਆਪਸੀ ਗੱਲਬਾਤ, ਵਿਚਾਰ-ਵਟਾਂਦਰੇ ਤੇ ਸਹਿਮਤੀ ਰਾਹੀਂ ਸੁਲਝਾਉਣ ਦੇ ਪ੍ਰਭਾਵਸ਼ਾਲੀ ਤਰੀਕੇ ਹਨ। ਇਨ੍ਹਾਂ ਪ੍ਰਕਿਰਿਆਵਾਂ ਨਾਲ ਸਮੇਂ ਤੇ ਪੈਸੇ ਦੀ ਬੱਚਤ ਹੁੰਦੀ ਹੈ, ਅਦਾਲਤੀ ਮੁਕੱਦਮਿਆਂ ਦਾ ਬੋਝ ਘਟਦਾ ਹੈ ਤੇ ਸਮਾਜ ਵਿੱਚ ਆਪਸੀ ਸਦਭਾਵਨਾ ਨੂੰ ਉਤਸ਼ਾਹ ਮਿਲਦਾ ਹੈ। ਇਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕਾਨੂੰਨੀ ਸਾਖਰਤਾ, ਨਿਆਂ ਤੱਕ ਪਹੁੰਚ ਤੇ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜ਼ਵਾਨਾਂ ਨੂੰ ਕਾਨੂੰਨੀ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਾਨੂੰਨੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਵਿਵਾਦਾਂ ਦੇ ਸਮੇਂ ਸਿਰ ਤੇ ਸ਼ਾਂਤੀਪੂਰਨ ਨਿਪਟਾਰੇ ਲਈ ਵਿਚੋਲਗੀ ਤੇ ਸੁਲ੍ਹਾ-ਸਫ਼ਾਈ ਦੀ ਪ੍ਰਕਿਰਿਆ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਕਾਲਜ ਦੇ ਲੀਗਲ ਏਡ ਕਲੱਬ ਦੇ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ ਮੁੱਖ ਰਿਸੋਰਸ ਪਰਸਨ ਦਾ ਧੰਨਵਾਦ ਕਰਦਿਆਂ, ਵਿਦਿਆਰਥੀਆਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚ ਕਾਨੂੰਨੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬਾਖੂਬੀ ਨਿਭਾਈ। ਇਸ ਮੌਕੇ ਅਮਨ ਗਾਂਧੀ, ਪ੍ਰੋ. ਡਿੰਪਲ ਕੁਮਾਰ, ਪ੍ਰੋ. ਵਰਿੰਦਰ ਕੌਰ ਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸਨ।