ਖੇਡਾਂ ਵਤਨ ਪੰਜਾਬ ਦੀਆਂ ’ਚ ਸੀਚੇਵਾਲ ਦੇ ਖਿਡਾਰੀਆਂ ਦੀ ਝੰਡੀ ਖੇਡਾਂ ਵਤਨ ਪੰਜਾਬ ਦੀਆਂ ’ਚ ਸੀਚੇਵਾਲ ਦੇ ਖਿਡਾਰੀਆਂ ਦੀ ਝੰਡੀ
Publish Date: Fri, 02 Oct 2026 07:49 PM (IST)
Updated Date: Fri, 02 Oct 2026 07:49 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ‘ਖੇਡਾਂ ਵਤਨ ਪੰਜਾਬ ਦੀਆਂ-2026’ ਵਿੱਚ ਸੀਚੇਵਾਲ ਦੇ ਖਿਡਾਰੀ ਆਪਣੀ ਪ੍ਰਤਿਭਾ, ਮਿਹਨਤ ਅਤੇ ਲਗਨ ਦਾ ਲੋਹਾ ਮਨਵਾ ਰਹੇ ਹਨ। ਕਬੱਡੀ, ਗੱਤਕਾ ਤੇ ਕੁਸ਼ਤੀ ਸਮੇਤ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਚੇਵਾਲ ਦੇ ਖਿਡਾਰੀਆਂ ਨੇ ਪਹਿਲੇ ਸਥਾਨ ਹਾਸਲ ਕਰਕੇ ਨਾ ਸਿਰਫ਼ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੰਜਾਬ ਦੇ ਖੇਡ ਨਕਸ਼ੇ ’ਤੇ ਵੀ ਆਪਣੀ ਮਜ਼ਬੂਤ ਪਛਾਣ ਦਰਜ ਕਰਵਾਈ ਹੈ। ਅੰਡਰ-19 ਕਬੱਡੀ ਸਰਕਲ ਸਟਾਈਲ ਮੁਕਾਬਲੇ ਸਪੋਰਟਸ ਕਾਲਜ ਜਲੰਧਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੀਚੇਵਾਲ ਅਕੈਡਮੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ 10 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਇਸੇ ਤਰ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਸੀਚੇਵਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 56 ਤਮਗੇ ਜਿੱਤੇ। ਇਨ੍ਹਾਂ ਵਿੱਚ 41 ਸੋਨ ਤਮਗੇ, 10 ਚਾਂਦੀ ਦੇ ਤਮਗੇ ਤੇ 5 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸੀਚੇਵਾਲ ਦੇ ਖਿਡਾਰੀਆਂ ਨੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਇਸ ਮੌਕੇ ਗੱਤਕਾ ਕੋਚ ਗੁਰਵਿੰਦਰ ਸਿੰਘ ਅਤੇ ਕਬੱਡੀ ਕੋਚ ਗੁਰਬੀਰ ਸਿੰਘ ਢਿੱਲੋਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਉਪਲਬਧੀ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਦਾ ਨਤੀਜਾ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੋਚ, ਸਕੂਲ ਸਟਾਫ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਪਿੰਡ ਸੀਚੇਵਾਲ ਵਿਖੇ ਚਲਾਈਆਂ ਜਾ ਰਹੀਆਂ ਪੰਜ ਸਪੋਰਟਸ ਅਕੈਡਮੀਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹਨ।