28 ਦੀ ਰੈਲੀ ਲਈ ਸੁਲਤਾਨਪੁਰ ਲੋਧੀ ’ਚ ਕੱਸਿਆ ਸੁਰੱਖਿਆ ਘੇਰਾ 28 ਦੀ ਰੈਲੀ ਲਈ ਸੁਲਤਾਨਪੁਰ ਲੋਧੀ ’ਚ ਕੱਸਿਆ ਸੁਰੱਖਿਆ ਘੇਰਾ
Publish Date: Sat, 26 Sep 2026 07:40 PM (IST)
Updated Date: Sat, 26 Sep 2026 07:42 PM (IST)
--ਐੱਸ.ਐੱਸ.ਪੀ. ਤੂਰਾ ਨੇ ਖੁਦ ਸੰਭਾਲਿਆ ਮੋਰਚਾ, ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ --ਸ਼ਰਾਰਤੀ ਅਨਸਰਾਂ ’ਤੇ ਰਹੇਗੀ ਤਿੱਖੀ ਨਜ਼ਰ, ਟ੍ਰੈਫਿਕ ਤੇ ਪਾਰਕਿੰਗ ਦੇ ਵੀ ਪੁਖ਼ਤਾ ਪ੍ਰਬੰਧ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਜਪਾ ਵੱਲੋਂ ਸੂਬੇ ਭਰ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪੜਾਅ 27 ਸਤੰਬਰ ਦੀ ਦੇਰ ਸ਼ਾਮ ਸੁਲਤਾਨਪੁਰ ਲੋਧੀ ਪਹੁੰਚਣ ਜਾ ਰਿਹਾ ਹੈ, ਜਦਕਿ 28 ਸਤੰਬਰ ਨੂੰ ਪੁਰਾਣੇ ਸਿਵਲ ਹਸਪਤਾਲ ਦੀ ਗਰਾਊਂਡ ਵਿੱਚ ਹੋਣ ਵਾਲੀ ਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ। ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਖੁਦ ਮੌਕੇ ’ਤੇ ਪਹੁੰਚੇ। ਇਸ ਮੌਕੇ ਐੱਸਪੀ (ਡੀ) ਹਰਿੰਦਰ ਸਿੰਘ ਗਿੱਲ, ਡੀਐੱਸਪੀ ਸੁਲਤਾਨਪੁਰ ਲੋਧੀ ਧਰਿੰਦਰ ਵਰਮਾ, ਐੱਸਐੱਚਓ ਦਵਿੰਦਰ ਪਾਲ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਪੁਲਿਸ ਫੋਰਸ ਮੌਜੂਦ ਰਹੀ। ਐੱਸਐੱਸਪੀ ਗੌਰਵ ਤੂਰਾ ਨੇ ਰੈਲੀ ਵਾਲੀ ਥਾਂ, ਆਉਣ-ਜਾਣ ਵਾਲੇ ਰਸਤਿਆਂ, ਪਾਰਕਿੰਗ ਸਥਾਨਾਂ ਤੇ ਆਲੇ-ਦੁਆਲੇ ਦੇ ਇਲਾਕੇ ਦਾ ਜਾਇਜ਼ਾ ਲੈਂਦਿਆਂ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਪੱਧਰ ’ਤੇ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਆਮ ਲੋਕਾਂ, ਰਾਹਗੀਰਾਂ ਤੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਟ੍ਰੈਫਿਕ ਵਿਵਸਥਾ ਨੂੰ ਵੀ ਸੁਚਾਰੂ ਰੱਖਿਆ ਜਾਵੇ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਕਰਨ ਜਾਂ ਕਿਸੇ ਕਿਸਮ ਦੀ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਵੱਲੋਂ ਰੈਲੀ ਵਾਲੀ ਥਾਂ ਤੇ ਇਸ ਦੇ ਆਲੇ-ਦੁਆਲੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਐੱਸਐੱਸਪੀ ਨੇ ਇਸ ਮੌਕੇ ਹਲਕਾ ਭਾਜਪਾ ਇੰਚਾਰਜ ਰਕੇਸ਼ ਨੀਟੂ, ਮੰਡਲ ਭਾਜਪਾ ਪ੍ਰਧਾਨ ਡਾ. ਰਕੇਸ਼ ਪੁਰੀ ਤੇ ਹੋਰ ਸੀਨੀਅਰ ਭਾਜਪਾ ਆਗੂਆਂ ਨਾਲ ਰੈਲੀ ਦੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ ਲਈ ਪ੍ਰੇਰਿਤ ਕਰਨ, ਤਾਂ ਜੋ ਰੈਲੀ ਦੌਰਾਨ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ । ਰੈਲੀ ਨੂੰ ਲੈ ਕੇ 27 ਸਤੰਬਰ ਦੀ ਸ਼ਾਮ ਤੋਂ ਆਰੀਆ ਸਮਾਜ ਚੌਂਕ ਤੋਂ ਕਟੜਾ ਬਾਜ਼ਾਰ ਤੱਕ ਟ੍ਰੈਫਿਕ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਵੀਆਈਪੀ ਪਾਰਕਿੰਗ ਲਈ ਬਿਜਲੀ ਘਰ ਦੇ ਦਫ਼ਤਰ ਤੇ ਪੁਰਾਣੇ ਸਿਵਲ ਹਸਪਤਾਲ ਦੇ ਨਾਲ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਵਾਹਨਾਂ ਲਈ ਆਰੀਆ ਸਮਾਜ ਬਾਜ਼ਾਰ ਵਾਲੇ ਪਾਸੇ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ।