ਚਹੇੜੂ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੋ ਪੁਲਿਸ ਮੁਲਾਜ਼ਮਾਂ ਹਵਾਲੇ ਚਹੇੜੂ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੋ ਪੁਲਿਸ ਮੁਲਾਜ਼ਮਾਂ ਹਵਾਲੇ
Publish Date: Sun, 09 Aug 2026 10:03 PM (IST)
Updated Date: Sun, 09 Aug 2026 10:05 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਉਪ ਮੰਡਲ ਦੇ ਚਹੇੜੂ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਸ ਸਮੇਂ ਸਵਾਲ ਖੜ੍ਹੇ ਹੋ ਰਹੇ ਹਨ, ਜਦੋਂ ਇਸ ਮਹੱਤਵਪੂਰਨ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਸਿਰਫ਼ ਦੋ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਹੈ, ਜੋ ਕਿ ਦੋ ਸ਼ਿਫਟਾਂ ਵਿੱਚ ਹਨ, ਰਾਤ ਨੂੰ ਦੋ ਤੇ ਦਿਨ ਨੂੰ ਵੀ ਦੋ ਮੁਲਾਜ਼ਮ। ਜ਼ਿਕਰਯੋਗ ਹੈ ਕਿ ਚਹੇੜੂ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਯਾਤਰੀ ਤੇ ਦਰਜਨਾਂ ਰੇਲ ਗੱਡੀਆਂ ਲੰਘਦੀਆਂ ਹਨ, ਜਿਸ ਕਾਰਨ ਇੱਥੇ ਮੁਸਾਫਿਰਾਂ ਲਈ ਪੁਖਤਾ ਪੁਲਿਸ ਸੇਫਟੀ ਸੁਰੱਖਿਆ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ। ਜਾਣਕਾਰੀ ਅਨੁਸਾਰ ਇੱਕ ਸ਼ਿਫਟ ਦੌਰਾਨ ਸਟੇਸ਼ਨ ’ਤੇ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ਦਾ ਵੱਡਾ ਹਿੱਸਾ ਇਨ੍ਹਾਂ ਮੁਲਾਜ਼ਮਾਂ ’ਤੇ ਨਿਰਭਰ ਕਰਦਾ ਹੈ। ਸਟੇਸ਼ਨ ’ਤੇ ਯਾਤਰੀਆਂ ਦੀ ਆਵਾਜਾਈ ਤੋਂ ਇਲਾਵਾ ਰੇਲ ਗੱਡੀਆਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਅਜਿਹੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਲੋੜੀਂਦੀ ਪੁਲਿਸ ਨਫ਼ਰੀ ਦੀ ਮੌਜੂਦਗੀ ਨੂੰ ਲੈ ਕੇ ਲੋਕਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਹੇੜੂ ਰੇਲਵੇ ਸਟੇਸ਼ਨ ਦੀ ਅਹਿਮੀਅਤ ਲਗਾਤਾਰ ਵਧ ਰਹੀ ਹੈ। ਨੇੜਲੇ ਪਿੰਡਾਂ ਤੇ ਇਲਾਕਿਆਂ ਤੋਂ ਲੋਕ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਲਈ ਇਸ ਸਟੇਸ਼ਨ ’ਤੇ ਪਹੁੰਚਦੇ ਹਨ। ਇਸ ਤੋਂ ਇਲਾਵਾ ਦਿਨ-ਰਾਤ ਰੇਲ ਗੱਡੀਆਂ ਦੀ ਆਵਾਜਾਈ ਹੋਣ ਕਾਰਨ ਸਟੇਸ਼ਨ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲੋਕਾਂ ਨੇ ਸਬੰਧਤ ਰੇਲਵੇ ਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਹੇੜੂ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਦਾ ਮੁੜ ਜਾਇਜ਼ਾ ਲਿਆ ਜਾਵੇ ਤੇ ਲੋੜ ਅਨੁਸਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ। ਖ਼ਾਸ ਕਰਕੇ ਰਾਤ ਦੇ ਸਮੇਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਯਾਤਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਇੱਥੇ ਵਰਣਨਯੋਗ ਹੈ ਕਿ ਚਹੇੜੂ ਵਿਖੇ ਇੱਕ ਸਥਾਨਕ ਪ੍ਰਸਿੱਧ ਯੂਨੀਵਰਸਿਟੀ ਦੇ ਸਥਾਪਿਤ ਹੋਣ ਕਰਕੇ ਸਟੇਸ਼ਨ ਤੇ ਵਿਦਿਆਰਥੀਆਂ ਦੀ ਚਹਿਲ ਪਹਿਲ ਤੇ ਰੌਣਕ ਹਮੇਸ਼ਾ ਹੀ ਲੱਗੀ ਰਹਿੰਦੀ ਹੈ, ਇਹ ਹੀ ਨਹੀਂ ਬਲਕਿ ਦੂਰੋਂ-ਦੁਰੇਡਿਓਂ ਲੋਕ ਇੱਥੇ ਰੁਜ਼ਗਾਰ ਦੀ ਖਾਤਰ ਪੈਸੰਜਰ ਗੱਡੀਆਂ ਰਾਹੀਂ ਆਉਂਦੇ ਜਾਂਦੇ ਹਨ, ਜਿਨ੍ਹਾਂ ਦੀ ਸੁਰੱਖਿਆ ਰਾਮ ਭਰੋਸੇ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਜੀਆਰਪੀ ਚਹੇੜੂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਸੁਵਿਧਾ ਲਈ ਇੱਥੇ ਪਖਾਨੇ ਤੱਕ ਦੀ ਸੁਵਿਧਾ ਨਹੀਂ ਹੈ। ਹਾਲਾਂਕਿ ਰੇਲਵੇ ਸਟੇਸ਼ਨ ਤੋਂ ਪੰਜਾਬ ਪੁਲਿਸ ਚੌਂਕੀ ਬਿਲਕੁਲ ਥੋੜੀ ਦੂਰੀ ’ਤੇ ਹੈ ਪਰ ਲੋਕ ਤੇ ਮੁਸਾਫਿਰ ਆਪਣੇ-ਆਪ ਨੂੰ ਇਸ ਰੇਲਵੇ ਸਟੇਸ਼ਨ ’ਤੇ ਅਸੁਰੱਖਿਅਤ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ।