ਰਬੜ ਫੈਕਟਰੀ ਦੇ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਸੁਰੱਖਿਆ ਗਾਰਡ ਨੇ ਖੁਦ ਆਪਣੇ ਮੱਥੇ ‘ਚ ਮਾਰੀ ਗੋਲ਼ੀ, ਹੋਈ ਮੌਤ
Publish Date: Tue, 24 Feb 2026 07:32 PM (IST)
Updated Date: Tue, 24 Feb 2026 07:34 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੀ ਗਰੋਵਰ ਇਨਕਲੇਵ ਕਾਲੋਨੀ ਵਿਚ ਇਕ ਸੁਰੱਖਿਆ ਗਾਰਡ ਨੇ ਬੀਤੀ ਦੇਰ ਰਾਤ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਪੁਲਿਸ ਮੌਕੇ ਤੇ ਪਹੁੰਚੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਆਪਣੇ ਮੱਥੇ ਵਿਚ ਗੈਰ-ਕਾਨੂੰਨੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਸਚਿਨ (28 ਸਾਲ) ਪੁੱਤਰ ਗੁਰਮੀਤ ਸਿੰਘ ਹਾਲ ਵਾਸੀ ਗਰੋਵਰ ਇਨਕਲੇਵ ਨਜ਼ਦੀਕ ਨਿਊ ਕੋਟ ਕੰਪਲੈਕਸ ਮੂਲ ਵਾਸੀ ਬੱਦੂਵਾਲ ਪਿੰਡ ਵਜੋਂ ਹੋਈ ਹੈ। ਡੀਐੱਸਪੀ ਦਲਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਚਿਨ ਕਪੂਰਥਲਾ ਵਿਚ ਇਕ ਰਬੜ ਫੈਕਟਰੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦਾ ਮੋਬਾਈਲ ਫੋਨ ਅਤੇ ਪਿਸਤੌਲ (315 ਬੋਰ) ਪੁਲਿਸ ਨੇ ਜ਼ਬਤ ਕਰ ਲਿਆ ਹੈ। ਜਾਂਚ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਕੋਲ ਨਾਜਾਇਜ਼ ਪਿਸਤੌਲ ਕਿੱਥੋਂ ਆਇਆ ਤੇ ਖੁਦਕੁਸ਼ੀ ਕਿਉਂ ਕੀਤੀ ਗਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਦਾ ਮੋਬਾਇਲ ਦਾ ਟੱਚ ਟੁੱਟਾ ਪਿਆ ਹੈ, ਜਦੋਂ ਉਹ ਠੀਕ ਹੋਵੇਗਾ ਉਸ ਤੋਂ ਸ਼ਾਇਦ ਕੋਈ ਸੁਰਾਗ ਪਤਾ ਲੱਗ ਸਕੇ। ਪੁਲਿਸ ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।