ਖਾਲਸਾ ਕਾਲਜ ’ਚ ਮੈਗਜ਼ੀਨ ਦਾ ਦੂਜਾ ਅੰਕ ਰਿਲੀਜ਼ ਖਾਲਸਾ ਕਾਲਜ ਵਿਖੇ ‘ਕੈਗ ਬਰਾਈਟ ਮਾਈਂਡ’ ਮੈਗਜ਼ੀਨ ਦਾ ਦੂਜਾ ਅੰਕ ਰਿਲੀਜ਼
Publish Date: Mon, 21 Sep 2026 08:51 PM (IST)
Updated Date: Mon, 21 Sep 2026 08:53 PM (IST)
--ਪੰਜਾਬੀ ਮਾਂ ਬੋਲੀ ’ਚ ਮਿਆਰੀ ਮੈਗਜ਼ੀਨ ਸ਼ੁਰੂ ਕਰਨਾ ਮਾਣ ਵਾਲੀ ਗੱਲ : ਪ੍ਰਿੰ. ਜਸਬੀਰ ਕੌਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਅੱਜ ਪੰਜਾਬੀ ਮਾਂ ਬੋਲੀ, ਕਰੰਟ ਅਫੇਅਰਜ਼ ਤੇ ਜਨਰਲ ਨਾਲਿਜ਼ ਨੂੰ ਸਮਰਪਿਤ ਵਿਦਿਅਕ ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਦਾ ਦੂਜਾ ਅੰਕ ਰਿਲੀਜ਼ ਕੀਤਾ ਗਿਆ। ਮੈਗਜ਼ੀਨ ਦੇ ਸੰਪਾਦਕ ਤੇ ਕਾਲਜ ਦੇ ਸਾਬਕਾ ਵਿਦਿਆਰਥੀ ਜਸਬੀਰ ਸਿੰਘ ਵਾਟਾਂਵਾਲੀਆ ਵੱਲੋਂ ਤਿਆਰ ਕੀਤੇ ਇਸ ਮੈਗਜ਼ੀਨ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ, ਦੇਸ਼-ਵਿਦੇਸ਼ ਦੀਆਂ ਮਹੱਤਵਪੂਰਨ ਘਟਨਾਵਾਂ ਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲੋੜੀਂਦੀ ਜਾਣਕਾਰੀ ਸਰਲ ਪੰਜਾਬੀ ਮਾਂ ਬੋਲੀ ਵਿੱਚ ਮੁਹੱਈਆ ਕਰਵਾਉਣਾ ਹੈ। ਮੈਗਜ਼ੀਨ ਰਿਲੀਜ਼ ਮੌਕੇ ਗੁਰੂ ਨਾਨਕ ਖਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇ ਸਾਬਕਾ ਵਿਦਿਆਰਥੀ ਜਸਬੀਰ ਸਿੰਘ ਵਾਟਾਂਵਾਲੀਆ ਨੇ ਪੰਜਾਬੀ ਮਾਂ ਬੋਲੀ ਰਾਹੀਂ ਵਿਦਿਆਰਥੀਆਂ ਨੂੰ ਕਰੰਟ ਅਫੇਅਰਜ਼ ਤੇ ਜਨਰਲ ਨਾਲਿਜ਼ ਨਾਲ ਜੋੜਨ ਵਾਲਾ ਮਿਆਰੀ ਮੈਗਜ਼ੀਨ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਵਿੱਚ ਕਰੰਟ ਅਫੇਅਰਜ਼ ਤੇ ਜੀਕੇ ਨੂੰ ਲੈ ਕੇ ਅਜਿਹੇ ਮੈਗਜ਼ੀਨ ਘੱਟ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਮਾਂ ਬੋਲੀ ਵਿੱਚ ਗਿਆਨ-ਵਿਗਿਆਨ ਨਾਲ ਸਬੰਧਤ ਇਹ ਮੈਗਜ਼ੀਨ ਪੰਜਾਬੀ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ। ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਦੇ ਰਿਲੀਜ਼ ਸਮਾਗਮ ਮੌਕੇ ਜਸਬੀਰ ਵਾਟਾਂਵਾਲੀਆ ਨੇ ਵਿਸ਼ੇਸ਼ ਲੈਕਚਰ ਰਾਹੀਂ ਵੱਖ-ਵੱਖ ਕਲਾਸਾਂ ਤੇ ਵੱਖ-ਵੱਖ ਸਟਰੀਮਾਂ ਨਾਲ ਸਬੰਧਤ 50 ਤੋਂ ਵੱਧ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਕੀ ਪੜ੍ਹਨਾ ਹੈ ਤੇ ਰੋਜ਼ਾਨਾ ਅਧਿਐਨ ਵਿੱਚ ਕਰੰਟ ਅਫੇਅਰਜ਼ ਤੇ ਜਨਰਲ ਨਾਲਿਜ਼ ਦੀ ਕੀ ਮਹੱਤਤਾ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੇ ਸ਼ੁਰੂ ਵਿੱਚ ਸਟੇਜ ਦਾ ਸੰਚਾਲਨ ਕਰਦਿਆਂ ਰਾਜਦੀਪ ਕੌਰ ਜੋਸਨ ਨੇ ਜਸਬੀਰ ਵਾਟਾਂਵਾਲੀਆ ਦੇ ਜੀਵਨ-ਸਫ਼ਰ, ਸਾਹਿਤਕ ਯੋਗਦਾਨ ਤੇ ਪੰਜਾਬੀ ਪੱਤਰਕਾਰੀ ਤੇ ਲੇਖਨ ਨਾਲ ਜੁੜੇ ਤਜਰਬੇ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਜਸਬੀਰ ਕੌਰ ਤੇ ਖਾਲਸਾ ਕਾਲਜ ਦੇ ਸਮੂਹ ਸਟਾਫ਼ ਵੱਲੋਂ ਜਸਬੀਰ ਸਿੰਘ ਵਾਟਾਂਵਾਲੀਆ ਦਾ ਪੰਜਾਬੀ ਮਾਂ ਬੋਲੀ ਵਿੱਚ ਇਹ ਮਿਆਰੀ ਮੈਗਜ਼ੀਨ ਕੱਢਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।