ਆਰਸੀਐੱਫ ਕਪੂਰਥਲਾ ’ਚ ਕਲਚਰਲ ਈਵਨਿੰਗ ਦੀ ਰਹੀ ਧੂਮ ਆਰਸੀਐੱਫ ਕਪੂਰਥਲਾ ਵਿਖੇ 32ਵੇਂ ਸਭਿਆਚਾਰਕ ਦੀਵਾਲੀ ਮੇਲਾ-2026 ਦਾ ਦੂਜਾ ਦਿਨ
Publish Date: Tue, 03 Nov 2026 09:27 PM (IST)
Updated Date: Tue, 03 Nov 2026 09:29 PM (IST)
--ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਦੀ ਸੰਗੀਤਮਈ ਪੇਸ਼ਕਾਰੀ ਤੇ ਝੂਮੇ ਦਰਸ਼ਕ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ ਆਯੋਜਿਤ ਤਿੰਨ ਰੋਜ਼ਾ 32ਵੇਂ ਸੱਭਿਆਚਾਰਕ ਦੀਵਾਲੀ ਮੇਲਾ-2026 ਦਾ ਦੂਜਾ ਦਿਨ ਅੱਜ ਬੇਹੱਦ ਉਤਸ਼ਾਹ ਤੇ ਸਭਿਆਚਾਰਕ ਰੰਗਤ ਨਾਲ ਸੰਪੰਨ ਹੋਇਆ। ਅੱਜ ਦੀ ਵਿਸ਼ੇਸ਼ ਕਲਚਰਲ ਈਵਨਿੰਗ ਦੇ ਸਫ਼ਲ ਆਯੋਜਨ ਸਬੰਧੀ ਜਾਣਕਾਰੀ ਦਿੰਦਿਆਂ ਵਰਕਰ ਕਲੱਬ ਦੇ ਮਾਨਯੋਗ ਸਕੱਤਰ ਭਰਤ ਰਾਜ ਨੇ ਦੱਸਿਆ ਕਿ ਅੱਜ 3 ਨਵੰਬਰ ਦੀ ਸ਼ਾਮ ਵਰਕਰ ਕਲੱਬ ਦੇ ਵਿਹੜੇ ਵਿੱਚ ਆਯੋਜਿਤ ਹਰਵਿੰਦਰ ਸੰਧੂ ਨਾਈਟ ਬੇਹੱਦ ਯਾਦਗਾਰ ਰਹੀ। ਸ਼ਾਮ 7:00 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਨੇ ਆਪਣੀ ਲਾਈਵ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਲੋਕ ਗੀਤਾਂ ਤੇ ਸਭਿਆਚਾਰਕ ਧੁਨਾਂ ਨੇ ਆਰਸੀਐੱਫ ਪਰਿਵਾਰ ਤੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਪਰਿਵਾਰਕ ਮਨੋਰੰਜਨ ਤੇ ਪੰਜਾਬੀ ਲੋਕ ਸੱਭਿਆਚਾਰ ਦੀਆਂ ਹੋਰ ਸ਼ਾਨਦਾਰ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਸਕੱਤਰ ਭਰਤ ਰਾਜ ਨੇ ਮੀਡੀਆ ਦੇ ਸਾਥੀਆਂ ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਲਗਾਤਾਰ ਦੂਜੇ ਦਿਨ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਰੌਣਕ ਵਧਾਉਣ ਲਈ ਮੈਂ ਸਮੂਹ ਆਰਸੀਐੱਫ ਨਿਵਾਸੀਆਂ ਤੇ ਹਾਜ਼ਰ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕੱਲ੍ਹ, ਯਾਨੀ 4 ਨਵੰਬਰ (ਬੁੱਧਵਾਰ) ਨੂੰ ਮੇਲੇ ਦਾ ਆਖਰੀ ਤੇ ਸਮਾਪਤੀ ਦਿਵਸ ਹੈ। ਕੱਲ੍ਹ ਸ਼ਾਮ ਮੁੰਡੇ ਰੁੜਕੇ ਵਾਲੇ ਗਰੁੱਪ ਵੱਲੋਂ ਧਮਾਕੇਦਾਰ ਭੰਗੜੇ ਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।