ਐੱਸਡੀਐੱਮ ਨੇ ਮੌਕ ਡ੍ਰਿੱਲ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਐਸ.ਡੀ.ਐਮ. ਵੱਲੋਂ 27 ਨਵੰਬਰ ਨੂੰ ਹੋਣ ਵਾਲੀ ਰੈਸਕਿਊ ਅਤੇ ਬਲੈਕਆਊਟ ਮੌਕ ਡ੍ਰਿੱਲ ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Thu, 26 Nov 2026 06:46 PM (IST)
Updated Date: Thu, 26 Nov 2026 06:46 PM (IST)
--ਪੁਰਾਣੀ ਕਚਹਿਰੀ ਵਿਖੇ ਹੋਵੇਗੀ ਰੈਸਕਿਊ ਮੌਕ ਡ੍ਰਿੱਲ, ਰਾਤ 8 ਵਜੇ ਸ਼ੁਰੂ ਹੋਵੇਗੀ ਬਲੈਕਆਊਟ ਡ੍ਰਿੱਲ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਬ-ਡਿਵੀਜ਼ਨਲ ਮੈਜਿਸਟ੍ਰੇਟ ਜਸਜੀਤ ਸਿੰਘ ਨੇ 27 ਨਵੰਬਰ ਨੂੰ ਪੁਰਾਣੀ ਕਚਹਿਰੀ ਵਿਖੇ ਹੋਣ ਵਾਲੀ ਸਿਵਲ ਡਿਫੈਂਸ ਏਅਰ ਰੇਡ ਵਾਰਨਿੰਗ, ਰੈਸਕਿਊ ਤੇ ਬਲੈਕਆਊਟ ਮੌਕ ਐਕਸਰਸਾਈਜ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕ ਐਕਸਰਸਾਈਜ਼ ਦਾ ਉਦੇਸ਼ ਸਿਵਲ ਡਿਫੈਂਸ ਪ੍ਰਣਾਲੀ ਤੇ ਵੱਖ-ਵੱਖ ਐਮਰਜੈਂਸੀ ਰਿਸਪਾਂਸ ਏਜੰਸੀਆਂ ਦੀ ਤਿਆਰੀ ਨੂੰ ਪਰਖਣਾ ਤੇ ਮਜ਼ਬੂਤ ਕਰਨਾ ਹੈ, ਤਾਂ ਜੋ ਸੰਕਟਕਾਲੀਨ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਵੱਖ-ਵੱਖ ਵਿਭਾਗਾਂ, ਜਿਨ੍ਹਾਂ ਵਿੱਚ ਸਿਵਲ ਡਿਫੈਂਸ, ਨਗਰ ਨਿਗਮ, ਪੰਜਾਬ ਹੋਮ ਗਾਰਡਜ਼, ਸਿਹਤ ਵਿਭਾਗ, ਪੁਲਿਸ, ਫਾਇਰ ਬ੍ਰਿਗੇਡ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਤੇ ਮਾਲ ਵਿਭਾਗ ਸ਼ਾਮਲ ਹਨ, ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸਡੀਐੱਮ ਨੇ ਦੱਸਿਆ ਕਿ ਪੁਰਾਣੀ ਕਚਹਿਰੀ ਵਿਖੇ ਰੈਸਕਿਊ ਮੌਕ ਡ੍ਰਿੱਲ ਰਾਤ 8 ਵਜੇ ਕਰਵਾਈ ਜਾਵੇਗੀ ਤੇ ਇਸ ਦੇ ਨਾਲ ਹੀ ਸਿਮੂਲੇਟਿਡ ਬਲੈਕਆਊਟ ਐਕਸਰਸਾਈਜ਼ ਵੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਐਕਸਰਸਾਈਜ਼ ਦੀ ਸ਼ੁਰੂਆਤ ਰਾਤ 8 ਵਜੇ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਹੋਵੇਗੀ, ਜਿਸ ਦੌਰਾਨ ਦੋ ਮਿੰਟ ਲਈ ਸਾਇਰਨ ਨੂੰ ਹਾਈ-ਲੋ ਪਿਚ ਵਿੱਚ ਵਜਾਇਆ ਜਾਵੇਗਾ। ਡ੍ਰਿੱਲ ਦੌਰਾਨ ਸਿਮੂਲੇਟਿਡ ਬਲੈਕਆਊਟ ਵੀ ਕੀਤਾ ਜਾਵੇਗਾ ਤੇ ਆਮ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਜਾਵੇਗੀ। ਹਾਲਾਂਕਿ, ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਨਿਰਵਿਘਨ ਜਾਰੀ ਰਹਿਣਗੀਆਂ। ਐੱਸਡੀਐੱਮ ਨੇ ਦੱਸਿਆ ਕਿ ਮੌਕ ਐਕਸਰਸਾਈਜ਼ ਦੌਰਾਨ ਐਮਰਜੈਂਸੀ ਰਿਸਪਾਂਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਅੱਗ ਬੁਝਾਉਣ, ਖੋਜ ਤੇ ਬਚਾਅ ਕਾਰਜ, ਮੁੱਢਲੀ ਸਹਾਇਤਾ ਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਤੇ ਟ੍ਰੈਫਿਕ ਤੇ ਭੀੜ ਪ੍ਰਬੰਧਨ ਸ਼ਾਮਲ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਨੂੰ ਪਰਖਿਆ ਜਾਵੇਗਾ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ, ਪ੍ਰਭਾਵਸ਼ਾਲੀ ਤੇ ਸੁਚੱਜੇ ਢੰਗ ਨਾਲ ਕਾਰਵਾਈ ਯਕੀਨੀ ਬਣਾਉਣ ਲਈ ਤਿਆਰੀ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੌਕ ਡ੍ਰਿੱਲ ਦੇ ਮੁਕੰਮਲ ਹੋਣ ਉਪਰੰਤ ਦੋ ਮਿੰਟ ਲਈ ਲਗਾਤਾਰ ਹਾਈ-ਪਿਚ ਸਾਇਰਨ ਵਜਾ ਕੇ ‘ਆਲ ਕਲੀਅਰ ਸਿਗਨਲ’ ਦਿੱਤਾ ਜਾਵੇਗਾ, ਜਿਸ ਨਾਲ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਮਿਲੇਗਾ। ਆਮ ਲੋਕਾਂ ਨੂੰ ਮੌਕ ਐਕਸਰਸਾਈਜ਼ ਦੌਰਾਨ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਜਸਜੀਤ ਸਿੰਘ ਨੇ ਕਿਹਾ ਕਿ ਸਾਇਰਨ ਜਾਂ ਬਲੈਕਆਊਟ ਪ੍ਰਬੰਧਾਂ ਕਾਰਨ ਲੋਕ ਘਬਰਾਉਣ ਜਾਂ ਡਰਨ ਨਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪਹਿਲਾਂ ਤੋਂ ਨਿਰਧਾਰਤ ਤੇ ਪੂਰੀ ਤਰ੍ਹਾਂ ਤਿਆਰੀ ਲਈ ਕਰਵਾਈ ਜਾ ਰਹੀ ਮੌਕ ਡ੍ਰਿੱਲ ਹੈ ਤੇ ਇਸ ਦਾ ਕਿਸੇ ਵੀ ਅਸਲ ਖਤਰੇ ਨਾਲ ਕੋਈ ਸਬੰਧ ਨਹੀਂ ਹੈ।