ਪਰਾਲੀ ਸਾੜਨ ਤੋਂ ਰੋਕਣ ਲਈ ਐੱਸਡੀਐੱਮ ਫਗਵਾੜਾ ਨੇ ਕੀਤੀ ਮੀਟਿੰਗ, ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਐਸ.ਡੀ.ਐਮ. ਫਗਵਾੜਾ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ,
Publish Date: Sun, 01 Nov 2026 06:49 PM (IST)
Updated Date: Sun, 01 Nov 2026 06:50 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਬ-ਡਿਵੀਜ਼ਨ ਫਗਵਾੜਾ ਅੰਦਰ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੇ ਮੰਤਵ ਨਾਲ ਐੱਸਡੀਐੱਮ ਫਗਵਾੜਾ ਡਾ. ਨਵਜੋਤ ਸ਼ਰਮਾ ਨੇ ਆਪਣੇ ਦਫ਼ਤਰ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਤਹਿਸੀਲਦਾਰ, ਬੀਡੀਪੀਓ, ਖੇਤੀਬਾੜੀ ਅਫ਼ਸਰ, ਪੁਲਿਸ ਅਧਿਕਾਰੀ, ਕਲਸਟਰ ਅਫ਼ਸਰ, ਨੋਡਲ ਅਫ਼ਸਰ, ਪਟਵਾਰੀ, ਪੰਚਾਇਤ ਸਕੱਤਰ ਤੇ ਜੀਆਰਐੱਸ (ਗ੍ਰਾਮ ਰੋਜ਼ਗਾਰ ਸੇਵਕ) ਹਾਜ਼ਰ ਸਨ। ਮੀਟਿੰਗ ਦੌਰਾਨ ਐੱਸਡੀਐੱਮ ਡਾ. ਨਵਜੋਤ ਸ਼ਰਮਾ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹਰ ਹਾਲਤ ਵਿੱਚ ਰੋਕਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਫੀਲਡ ਸਟਾਫ਼ ਆਪੋ-ਆਪਣੇ ਇਲਾਕੇ ਵਿੱਚ ਹਰ ਸਮੇਂ ਫੀਲਡ ਵਿੱਚ ਮੌਜੂਦ ਰਹਿਣ, ਪਿੰਡਾਂ ਵਿੱਚ ਨਿਰੰਤਰ ਨਿਗਰਾਨੀ ਰੱਖਣ ਤੇ ਕਿਸਾਨਾਂ ਨੂੰ ਪਰਾਲੀ ਦੇ ਸਹੀ ਪ੍ਰਬੰਧਨ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਉਪਲਬਧ ਆਧੁਨਿਕ ਖੇਤੀ ਮਸ਼ੀਨਰੀ, ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ, ਬੇਲਰ ਆਦਿ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇ। ਨਾਲ ਹੀ ਅੱਗ ਲੱਗਣ ਦੀ ਕਿਸੇ ਵੀ ਘਟਨਾ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਜਾਵੇ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਵਿੱਚ ਕੋਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਉਪਰੰਤ ਐੱਸਡੀਐੱਮ ਡਾ. ਸ਼ਰਮਾ ਨੇ ਖੇਤੀਬਾੜੀ ਅਫ਼ਸਰ ਸਮੇਤ ਸਬ-ਡਿਵੀਜ਼ਨ ਦੇ ਹੌਟ ਸਪਾਟ ਪਿੰਡਾਂ ਢੱਕ ਪੰਡੋਰੀ, ਅਕਾਲਗੜ੍ਹ, ਭੁੱਲਾਰਾਈ, ਸੰਗਤਪੁਰ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮੌਕੇ ਤੇ ਹਾਲਾਤ ਦਾ ਜਾਇਜ਼ਾ ਲਿਆ, ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਪਰਾਲੀ ਦਾ ਪ੍ਰਬੰਧਨ ਵਿਗਿਆਨਕ ਢੰਗ ਨਾਲ ਕਰਨ ਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ। ਐੱਸਡੀਐੱਮ ਨੇ ਅੰਤ ਵਿੱਚ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣਾ ਸਿਰਫ਼ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਫ਼-ਸੁਥਰਾ ਵਾਤਾਵਰਨ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਾਰੇ ਮਿਲ ਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।