ਸੁਲਤਾਨਪੁਰ ਲੋਧੀ ’ਚ ਝੋਨੇ ਦੀ 92.5% ਲਿਫਟਿੰਗ ਮੁਕੰਮਲ ਐਸ.ਡੀ.ਐਮ. ਜਸਜੀਤ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦਾ ਜਾਇਜ਼ਾ
Publish Date: Mon, 19 Oct 2026 07:23 PM (IST)
Updated Date: Mon, 19 Oct 2026 07:24 PM (IST)
ਐੱਸਡੀਐੱਮ ਜਸਜੀਤ ਸਿੰਘ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ। ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸਡੀਐੱਮ) ਸੁਲਤਾਨਪੁਰ ਲੋਧੀ ਜਸਜੀਤ ਸਿੰਘ ਵੱਲੋਂ ਸਬ-ਡਿਵੀਜ਼ਨ ਅਧੀਨ ਆਉਂਦੇ ਸਾਰੇ ਖ਼ਰੀਦ ਕੇਂਦਰਾਂ ਵਿੱਚ ਚੱਲ ਰਹੇ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਕਾਰਜਾਂ ਦੀ ਸਮੀਖਿਆ ਲਈ ਪ੍ਰਬੰਧਕੀ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐੱਸਡੀਐੱਮ ਦਫ਼ਤਰ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਿਰਕ, ਖ਼ੁਰਾਕ ਤੇ ਸਿਵਲ ਸਪਲਾਈ ਅਫ਼ਸਰ (ਐੱਫਐੱਸਓ) ਮਮਤਾ ਨੰਦਾ, ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ (ਏਐੱਫਐੱਸਓ) ਅਮਨ ਗੌਤਮ, ਵੇਅਰਹਾਊਸ ਮੈਨੇਜਰ ਬਲਵੀਰ ਸਿੰਘ, ਪਨਗ੍ਰੇਨ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਤੇ ਕਰਨੈਲ ਸਿੰਘ, ਪਨਸਪ ਦੇ ਇੰਸਪੈਕਟਰ ਅਜੈ ਪਠਾਨੀਆ ਤੇ ਮਾਰਕਫੈੱਡ ਦੇ ਇੰਸਪੈਕਟਰ ਤੇ ਨੁਮਾਇੰਦੇ ਹਾਜ਼ਰ ਸਨ। ਮੀਟਿੰਗ ਦੌਰਾਨ ਬਲਾਕ ਦੇ ਸਾਰੇ 9 ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ ਹੋਈ ਪ੍ਰਗਤੀਸ਼ੀਲ ਲਿਫਟਿੰਗ ਦੇ ਅੰਕੜਿਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ, ਜਿਸ ਦਾ ਵੇਰਵੇ ਅਨੁਸਾਰ ਸੁਲਤਾਨਪੁਰ ਲੋਧੀ: ’ਚ 65,394.13 ਮੀਟਰਿਕ ਟਨ, ਤਲਵੰਡੀ ਚੌਧਰੀਆਂ ’ਚ 11,260.32 ਮੀਟਰਿਕ ਟਨ, ਡੱਲਾ ’ਚ 7,445.27 ਮੀਟਰਿਕ ਟਨ, ਪਰਮਜੀਤਪੁਰ ’ਚ 5,817.65 ਮੀਟਰਿਕ ਟਨ, ਡਡਵਿੰਡੀ ’ਚ 4,262.98 ਮੀਟਰਿਕ ਟਨ, ਕਮਾਲਪੁਰ ’ਚ 3,564.65 ਮੀਟਰਿਕ ਟਨ, ਕਬੀਰਪੁਰ ’ਚ 1,990.97 ਮੀਟਰਿਕ ਟਨ, ਭਰੋਆਣਾ ’ਚ 1,703.41 ਮੀਟਰਿਕ ਟਨ, ਮੈਰੀਪੁਰ ’ਚ 1,383.68 ਮੀਟਰਿਕ ਟਨ, ਸਮੁੱਚੇ ਬਲਾਕ ਵਿੱਚ ਕੁੱਲ 1,41,102.6 ਮੀਟਰਿਕ ਟਨ ਖ਼ਰੀਦੇ ਗਏ ਝੋਨੇ ਵਿੱਚੋਂ ਹੁਣ ਤੱਕ ਕੁੱਲ 1,02,823.06 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ, ਜੋ ਕਿ 72 ਘੰਟਿਆਂ ਦੇ ਨਿਯਮ ਮੁਤਾਬਕ ਚੁਕਾਈ ਯੋਗ ਬਣਦੇ ਝੋਨੇ ਦਾ 92.51% ਬਣਦਾ ਹੈ। ਐੱਸਡੀਐੱਮ ਜਸਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਜ਼ੋਰ ਦਿੰਦਿਆਂ ਸਮੂਹ ਖ਼ਰੀਦ ਏਜੰਸੀਆਂ, ਟਰਾਂਸਪੋਰਟਰਾਂ ਤੇ ਫੀਲਡ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚੋਂ ਬੋਰੀਆਂ ਦੀ ਲਿਫਟਿੰਗ ਦੇ ਕੰਮ ਨੂੰ ਜੰਗੀ ਪੱਧਰ ਤੇ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਲਿਫਟਿੰਗ ਵਿੱਚ ਕਿਸੇ ਵੀ ਪੱਧਰ ਤੇ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਦਲ ਰਹੇ ਮੌਸਮ ਤੇ ਸੰਭਾਵੀ ਬਾਰਿਸ਼ ਦੇ ਮੱਦੇਨਜ਼ਰ ਅਨਾਜ ਨੂੰ ਖੁੱਲ੍ਹੇ ਅਸਮਾਨ ਹੇਠ ਰਹਿਣ ਤੋਂ ਬਚਾਉਣ ਲਈ ਖ਼ਰੀਦੇ ਗਏ ਝੋਨੇ ਨੂੰ ਤੁਰੰਤ ਸੁਰੱਖਿਅਤ ਗੋਦਾਮਾਂ ਵਿੱਚ ਸ਼ਿਫਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਡੀਆਂ ਅੰਦਰ ਥਾਂ ਦੀ ਘਾਟ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਦਿੱਕਤ ਜਾਂ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ।