ਐੱਸਡੀ ਸਕੂਲ ਦੇ ਖਿਡਾਰੀਆਂ ਗੱਡੇ ਜਿੱਤ ਦੇ ਝੰਡੇ ਖੇਡਾਂ ਵਤਨ ਪੰਜਾਬ ਦੀਆਂ ’ਚ ਐਸਡੀ ਸਕੂਲ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ
Publish Date: Mon, 14 Sep 2026 08:44 PM (IST)
Updated Date: Mon, 14 Sep 2026 08:47 PM (IST)
ਖੇਡਾਂ ਵਤਨ ਪੰਜਾਬ ਦੀਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈ ਗਈ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨਾ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅੰਡਰ-14 ਵਰਗ ਵਿੱਚ ਸਕੂਲ ਦੇ ਹੋਣਹਾਰ ਖਿਡਾਰੀ ਅਨੁਜ ਸਹੋਤਾ ਨੇ 600 ਮੀਟਰ ਦੌੜ ਵਿੱਚ 1 ਮਿੰਟ 34 ਸਕਿੰਟ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਤੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ਵਿੱਚ ਹਰਜੀਵਨ ਦੀਪ ਸਿੰਘ ਨੇ ਸ਼ਾਟਪੁੱਟ ਮੁਕਾਬਲੇ ਵਿੱਚ 13.67 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ ਤੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ-17 ਵਰਗ ਵਿੱਚ ਕ੍ਰਿਸ਼ਨਾ ਨੇ ਦੋਹਰਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 800 ਮੀਟਰ ਦੌੜ ਵਿੱਚ 2 ਮਿੰਟ 04 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ 3000 ਮੀਟਰ ਦੌੜ ਵਿੱਚ 10 ਮਿੰਟ 34 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਮਗਾ ਵੀ ਆਪਣੇ ਨਾਮ ਕੀਤਾ। ਸਕੂਲ ਦੇ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਤੇ ਅਨੁਸ਼ਾਸਨ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਕੇਸ਼ ਧੀਰ ਵੱਲੋਂ ਮਿਲ ਰਹੇ ਲਗਾਤਾਰ ਆਸ਼ੀਰਵਾਦ, ਸਹਿਯੋਗ ਤੇ ਮਾਰਗਦਰਸ਼ਨ ਸਦਕਾ ਸਕੂਲ ਹਰ ਖੇਤਰ ਵਿੱਚ ਨਵੀਆਂ ਪਲਾਂਘਾਂ ਪੁੱਟਦਾ ਹੋਇਆ ਅੱਗੇ ਵਧ ਰਿਹਾ ਹੈ। ਵਾਈਸ ਪ੍ਰਿੰਸੀਪਲ ਪੂਨਮ ਧੀਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸਬਰ ਤੇ ਟੀਮ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹਨ।ਉਨ੍ਹਾਂ ਕਿਹਾ ਕਿ ਐੱਸ.ਡੀ. ਸਭਾ ਦੇ ਪ੍ਰਧਾਨ ਰਕੇਸ਼ ਧੀਰ ਦੇ ਆਸ਼ੀਰਵਾਦ ਅਤੇ ਸੁਚੱਜੇ ਮਾਰਗਦਰਸ਼ਨ ਨਾਲ ਸਕੂਲ ਸਿੱਖਿਆ, ਖੇਡਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਐਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਰਿਵਾਰ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਪਾਇਆ ਜਾ ਰਿਹਾ ਹੈ।