ਐੱਸਡੀ ਸਭਾ ਦੁਸ਼ਹਿਰਾ ਕਮੇਟੀ ਵੱਲੋਂ ਦੁਸ਼ਹਿਰੇ ਦੀਆਂ ਤਿਆਰੀਆਂ ਮੁਕੰਮਲ ਐਸ.ਡੀ. ਸਭਾ ਦੁਸ਼ਹਿਰਾ ਕਮੇਟੀ ਵੱਲੋਂ ਦੁਸ਼ਹਿਰੇ ਦੀਆਂ ਤਿਆਰੀਆਂ ਮੁਕੰਮਲ,
Publish Date: Sun, 18 Oct 2026 07:26 PM (IST)
Updated Date: Sun, 18 Oct 2026 07:27 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿੱਚ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹ ਸਿਖਰਾਂ ’ਤੇ ਹੈ। ਐੱਸਡੀ ਸਭਾ ਦੁਸ਼ਹਿਰਾ ਕਮੇਟੀ ਵੱਲੋਂ ਇਸ ਸਾਲ ਦੁਸ਼ਹਿਰੇ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਥਾਨਕ ਦੁਸ਼ਹਿਰਾ ਗਰਾਊਂਡ ਵਿੱਚ ਇਸ ਵਾਰ 70 ਫੁੱਟ ਉੱਚੇ ਰਾਵਣ ਤੇ 60-60 ਫੁੱਟ ਉੱਚੇ ਮੇਘਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ। ਪੁਤਲਿਆਂ ਨੂੰ ਤਿਆਰ ਕਰਨ ਲਈ ਜਲੰਧਰ ਤੋਂ ਵਿਸ਼ੇਸ਼ ਕਾਰੀਗਰ ਬੁਲਾਏ ਗਏ ਹਨ, ਜੋ ਦਿਨ-ਰਾਤ ਮਿਹਨਤ ਕਰਕੇ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ। ਐੱਸਡੀ ਸਭਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਾਕੇਸ਼ ਧੀਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਾਲ ਪੁਤਲਿਆਂ ਦੇ ਦਹਿਨ ਦੇ ਨਾਲ-ਨਾਲ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਸਮਾਗਮ ਦਾ ਮੁੱਖ ਆਕਰਸ਼ਣ ਹੋਣਗੇ। ਦੁਸ਼ਹਿਰਾ ਗਰਾਊਂਡ ਵਿੱਚ ਇਕੱਠੇ ਹੋਣ ਵਾਲੇ ਲੋਕਾਂ ਨੂੰ ਧਾਰਮਿਕ ਮਾਹੌਲ ਦੇ ਨਾਲ ਮਨੋਰੰਜਨ ਤੇ ਪ੍ਰੇਰਨਾਦਾਇਕ ਸੰਦੇਸ਼ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਦੁਸ਼ਹਿਰੇ ਮੌਕੇ ਐਸ.ਡੀ. ਪ੍ਰੇਮ ਡਰਾਮਾਟਿਕ ਕਲੱਬ ਵੱਲੋਂ ਪ੍ਰਧਾਨ ਸੋਨੂੰ ਕਾਲਾ ਦੀ ਅਗਵਾਈ ਹੇਠ ਰਾਮਾਇਣ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਜਾਵੇਗਾ। ਨਾਟਕ ਦੌਰਾਨ ਰਾਮਾਇਣ ਨਾਲ ਸਬੰਧਤ ਵੱਖ-ਵੱਖ ਪ੍ਰਸੰਗਾਂ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਦਰਸ਼ਕਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਉਨ੍ਹਾਂ ਦੀ ਮਰਿਆਦਾ, ਸੱਚਾਈ ਅਤੇ ਧਰਮ ਪ੍ਰਤੀ ਸਮਰਪਣ ਤੋਂ ਪ੍ਰੇਰਨਾ ਮਿਲੇਗੀ। ਕਲਾਕਾਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਦ੍ਰਿਸ਼ ਸਮਾਗਮ ਦੀ ਰੌਣਕ ਨੂੰ ਹੋਰ ਵਧਾਉਣਗੇ। ਰਾਕੇਸ਼ ਧੀਰ ਨੇ ਦੱਸਿਆ ਕਿ ਦੁਸ਼ਹਿਰੇ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧਾਰਮਿਕ, ਸਮਾਜਿਕ, ਸਿਆਸੀ ਅਤੇ ਹੋਰ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਦੁਸ਼ਹਿਰਾ ਗਰਾਊਂਡ ਵਿੱਚ ਪਹੁੰਚ ਕੇ ਇਸ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ।ਇਸ ਮੌਕੇ ਐਸ.ਡੀ. ਸਭਾ ਦੇ ਜਨਰਲ ਸਕੱਤਰ ਮੁਕੇਸ਼ ਪਸਰੀਚਾ, ਰਵਿੰਦਰ ਠਾਕੁਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਐਸ.ਡੀ. ਪ੍ਰੇਮ ਡਰਾਮਾਟਿਕ ਕਲੱਬ ਦੇ ਪ੍ਰਧਾਨ ਸੋਨੂੰ ਕਾਲਾ, ਸੰਜੀਵ ਸ਼ਰਮਾ, ਰਚਿਤ ਕੋਛੜ, ਸੁਰਿੰਦਰ ਅਰੋੜਾ ਛਿੰਦਾ, ਗੋਰਾ ਠੁਕਰਾਲ, ਡਿੰਪਲ ਥਿੰਦ, ਰਾਣਾ ਪ੍ਰਤਾਪ, ਸਾਬਕਾ ਕੌਂਸਲਰ ਰਜਿੰਦਰ ਸਿੰਘ, ਸੋਮਕਾਂਤੀ ਅਤੇ ਗੋਰਾ ਠਾਕੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।