ਵਿਗਿਆਨਕ ਪੱਤਰਕਾਰੀ ਸਮਾਜ ਤੇ ਵਿਗਿਆਨ ਨੂੰ ਜੋੜਨ ਦਾ ਸਾਧਨ ਵਿਗਿਆਨਕ ਪੱਤਰਕਾਰੀ ਸਮਾਜ ਤੇ ਵਿਗਿਆਨ ਨੂੰ ਜੋੜਨ ਦਾ ਸਾਧਨ
Publish Date: Tue, 25 Aug 2026 06:49 PM (IST)
Updated Date: Tue, 25 Aug 2026 06:52 PM (IST)
--ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕਰਵਾਇਆ ਪੱਤਰਕਾਰੀ ’ਤੇ ਸੈਮੀਨਾਰ ਦਾ ਆਯੋਜਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੇ ਵਿਗਿਆਨ ਪੱਤਰਕਾਰੀ ਹੁਨਰ ਨੂੰ ਨਿਖਾਰਨ ਦੇ ਆਸ਼ੇ ਨਾਲ ਆਧੁਨਿਕ ਵਿਗਿਆਨ ਦੀ ਨੈਤਿਕਤਾ, ਪ੍ਰਭਾਵ ਤੇ ਪੱਤਰਕਾਰੀ ਦੇ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਪੱਤਰਕਾਰੀ ਤੇ ਜਨ-ਸੰਚਾਰ ਨਾਲ ਸਬੰਧਤ 150 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਪੱਤਰਕਾਰੀ ਤੇ ਜਨ-ਸੰਚਾਰ ਦੇ ਵਿਦਿਆਰਥੀਆਂ ਨੁੰ ਸੰਬੋਧਨ ਕਰਦਿਆਂ ਵਿਗਿਆਨਕ ਪੱਤਰਕਾਰੀ ਨੂੰ ਹੋਰ ਮਜ਼ਬੂਤ ਤੇ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਗਿਆਨ ਨੂੰ ਆਮ ਲੋਕਾਂ ਦੀ ਪਹੁੰਚ ਤੱਕ ਲਿਆਉਣ ਲਈ ਮੀਡੀਆ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਿਗਿਆਨਕ ਪੱਤਰਕਾਰ ਇਕ ਅਨੁਵਾਦਕ ਵਜੋਂ ਕੰਮ ਕਰਦਾ ਹੈ, ਜੋ ਫ਼ਰਜ਼ੀ ਖਬਰਾਂ ਨੂੰ ਰੋਕਣ ਦੇ ਨਾਲ-ਨਾਲ ਗੁੰਝਲਦਾਰ ਵਿਗਿਆਨ ਦੀਆਂ ਬਰੀਕੀਆਂ ਨੂੰ ਅਸਾਨੀ ਨਾਲ ਰੋਜ਼ਮਰਾ ਦੀ ਜ਼ਿੰਦਗੀ ਵਿਚ ਸਮਝਣਯੋਗ ਬਣਾਉਂਦਾ ਹੈ। ਇਸ ਤੋਂ ਇਲਾਵਾ ਵਿਗਿਆਨ ਦੀਆਂ ਨਵੀਆਂ-ਨਵੀਆਂ ਖੋਜਾਂ ਨੂੰ ਸਥਾਨਕ ਭਾਸ਼ਾ ਵਿਚ ਆਮ ਲੋਕਾਂ ਤੱਕ ਲਿਜਾਣ ਵਿੱਚ ਵਿਗਿਆਨਕ ਪੱਤਰਕਾਰ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਭੱਖਦੇ ਮੁੱਦਿਆਂ ’ਤੇ ਅਪਣੀ ਰਿਪੋਰਟ ਵਿੱਚ ਲੋਕਾਂ ਨੂੰ ਡਰਾਉਣ ਵਾਲੇ ਤੱਥ ਪੇਸ਼ ਕਰਨ ਦੀ ਬਜਾਏ ਆਸ਼ਵਾਦੀ ਨਜ਼ਰੀਏ ਤੇ ਅਸਲ ਹੱਲਾਂ ਨਾਲ ਲਿਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੌਜਵਾਨ ਪੱਤਰਕਾਰਾਂ ਨੂੰ ਸਮਾਜ ਵਿੱਚ ਤਰਕਪੂਰਨ ਸੋਚ ਪੈਦਾ ਕਰਨ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਸਰਲ ਅਤੇ ਸਹੀ ਵਿਗਿਆਨਕ ਖਬਰਾਂ ਦੇਸ਼ ਤਰੱਕੀ ਲਈ ਬਹੁਤ ਜ਼ਰੂਰੀ ਹਨ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਚਾਰ ਅਧਿਆਏ ਸਕੂਲ ਦੀ ਚੇਅਰਪਰਸਨ ਡਾ. ਅਰਚਨਾ ਆਰ ਸਿੰਘ ਇਸ ਮੌਕੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪੱਤਰਕਾਰ ਨਾ ਸਿਰਫ਼ ਤੱਥਾਂ ਨੂੰ ਇਕੱਠੇ ਹੀ ਕਰਦਾ, ਸਗੋਂ ਉਨ੍ਹਾਂ ਨੂੰ ਵਿਸ਼ੇਸ਼ ਆਕਾਰ ਦੇ ਕੇ ਲੋਕਾਂ ਸਾਹਮਣੇ ਅਜਿਹੇ ਢੰਗ-ਤਰੀਕੇ ਨਾਲ ਪੇਸ਼ ਕਰਦਾ ਹੈ, ਜਿਸ ਨਾਲ ਆਮ ਲੋਕਾਂ ਦੀ ਵਿਗਿਆਨ ਪ੍ਰਤੀ ਧਾਰਨਾ ਉਪਰ ਡੂੰਘਾ ਪ੍ਰਭਾਵ ਪੈਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨਕ ਪੱਤਰਕਾਰੀ ਸਿਖਿਆ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਸਿਹਤ, ਵਾਤਾਰਵਣ ਤੇ ਤਕਨਾਲੌਜੀ ਪ੍ਰਤੀ ਆਮ ਲੋਕਾਂ ਦੀ ਸੋਚ-ਸਮਝ ਨਾਲ ਫ਼ੈਸਲੇ ਲੈਣ ਵਿੱਚ ਵੀ ਮਦਦ ਕਰਦੀ ਹੈ। ਇਸ ਮੌਕੇ ਪਰਾਲੀ ਨੂੰ ਸਾੜਨ ਤੇ ਵਾਤਾਵਰਣ ’ਤੇ ਪੈ ਰਹੇ ਪ੍ਰਭਾਵ ਸਬੰਧੀ ਕਰਵਾਏ ਰੇਡੀਓ ਫ਼ੀਚਰ ਮੁਕਾਬਲੇ ਵਿੱਚ ਪਹਿਲਾ ਸਥਾਨ ਦੁਆਬਾ ਕਾਲਜ ਜਲੰਧਰ ਦੀ ਭੂਮਿਕਾ ਨੇ ਜਿੱਤਿਆ, ਜਦੋਂ ਕਿ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਿਸਟੀ ਦਾ ਮਨਦੀਪ ਕੌਰ ਜੌਹਲ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਜੀਐੱਨਏ ਫ਼ਗਵਾੜਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀ ਤੇ ਏਪੀਜੇ ਕਾਲਜ ਜਲੰਧਰ ਦੀ ਸ੍ਰਿਸ਼ਟੀ ਨੂੰ ਹੌਸਲਾ ਅਫ਼ਜਾਈ ਇਨਾਮ ਦਿੱਤਾ ਗਿਆ।