ਵਿਗਿਆਨ ਮੇਲੇ ਨੇ ਨੌਜਵਾਨਾਂ ’ਚ ਨਵੀਆਂ ਕਾਢਾਂ ਦੀ ਜਗਾਈ ਅਲੱਖ ਵਿਗਿਆਨ ਮੇਲੇ ਨੇ ਨੌਜਵਾਨਾਂ ’ਚ ਨਵੀਆਂ ਕਾਢਾਂ ਦੀ ਜਗਾਈ ਅਲੱਖ
Publish Date: Sat, 28 Nov 2026 08:30 PM (IST)
Updated Date: Sat, 28 Nov 2026 08:31 PM (IST)
ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ, ਉਨ੍ਹਾਂ ਨੂੰ ਨਵੀਨਤਾ ਤੇ ਸਿਰਜਣਤਾ ਪ੍ਰਤੀ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਸਾਇੰਸ ਫ਼ੈਸਟ 2026 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਵਿਗਿਆਨ ਤੇ ਤਕਨਾਲੋਜੀ ਖੇਤਰ ਨਾਲ ਸਬੰਧਤ ਮਾਡਲ ਤਿਆਰ ਕਰਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਇਕ ਲਾਹੇਵੰਦ ਪਲੇਟਫ਼ਾਰਮ ਦਿੱਤਾ ਗਿਆ। ਇਸ ਮੌਕੇ ਪੰਜਾਬ ਭਾਰ ਤੋਂ ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਵੱਲੋਂ ਵਿਗਿਆਨਕ ਮਾਡਲਾਂ ਰਾਹੀਂ ਨਵੀਨਤਾ, ਵਿਗਿਆਨਕ ਸਮਝ ਤੇ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਿਰਜਣਤਾ, ਗਿਆਨ, ਜਗਿਆਸਾ ਤੇ ਕਲਪਨਾ ਨਾਲ ਪੈਦਾ ਹੁੰਦੀ ਹੈ, ਜਦੋਂ ਇਹ ਤਿੰਨੋਂ ਮਿਲ ਜਾਂਦੇ ਹਨ ਤਾਂ ਨਵੀਨਤਾ ਦਾ ਜਨਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗਿਆਨ ਤੇ ਉਤਸੁਕਤਾ ਤੇ ਨਵੇਂ ਵਿਚਾਰਾਂ ਦੇ ਪੈਦਾ ਹੋਣ ਨਾਲ ਹੀ ਨਵੀਆਂ ਯੁਗਤਾਂ ਬਣਨ ਦੀ ਸਮਰੱਥਾ ਵਧਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਦਾ ਹੋਣ ਹੀ ਕਾਫ਼ੀ ਨਹੀਂ ਹੈ ਸਗੋਂ ਵਿਦਿਆਰਥੀਆਂ ਨੂੰ ਰਿਵਾਇਤੀ ਸੋਚਾਂ ਤੋਂ ਅੱਗੇ ਵੱਧ ਕੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਸਮਾਜ ਦੇ ਬਿਹਤਰ ਭਵਿੱਖ ਲਈ ਨੌਜਵਾਨਾਂ ਨੂੰ ਆਪਣੇ -ਆਪ ਸੋਚਣ ਤੇ ਆਪਣੀਆਂ ਨਵੀਆਂ ਜੁਗਤਾਂ ਬਣਾਉਣ ਵਾਸਤੇ ਸੁਤੰਤਰ ਰੂਪ ਵਿੱਚ ਖੁੱਲ੍ਹ ਕੇ ਸੋਚਣ ਵਾਲਾ ਵਾਤਾਵਰਣ ਮੁੱਹਈਆ ਕਰਵਾਉਣ ਦੀ ਲੋੜ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਸਵਾਲ ਪੁੱਛਣ ਤੋਂ ਕਦੇ ਵੀ ਝਿਜਕਣਾ ਨਹੀਂ ਭਾਵੇਂ ਸਵਾਲ ਸਾਧਾਰਣ ਜਾਂ ਆਮ ਹੀ ਕਿਉਂ ਨਾ ਹੋਵੇ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਤੇ ਆ ਰਹੀਆਂ ਤਕਨੀਕਾਂ ਵਿੱਚ ਦਿਲਚਸਪੀ ਲੈਣ ਦੀ ਪ੍ਰੇਰਨਾ ਦਿੰਦਿਆ ਕਿਹਾ ਕਿ ਇਹ ਤਕਨੀਕਾਂ ਸਿਹਤ ਸੰਭਾਲ ਦੀਆਂ ਸਹੂਲਤਾ, ਵਿੱਤ ਤੇ ਨਿਰਮਾਣ ਕਾਰਜ ਸਮੇਤ ਸਿੱਖਿਆ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਪੈਦਾ ਕਰਦੀਆਂ ਹਨ। ਇਸ ਮੌਕੇ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜੀ. ਰਿਤੇਸ਼ ਪਾਠਕ ਆਏ ਸਾਇੰਸ ਫ਼ੈਸਟ 2026 ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਨਵੀਆਂ ਯੁਗਤਾਂ ਤੇ ਵਿਚਾਰਾਂ ਨਾਲ ਨਾਲ ਅੱਗੇ ਆਉਣ ਤੇ ਆਪਣੀ ਨਵੀਨਤਾਂ ਤੇ ਸਿਰਜਣਾਤਮਿਕਤਾ ਨੂੰ ਅੱਗੇ ਵਧਾਉਣ ਲਈ ਸਾਇੰਸ ਸਿਟੀ ਵੱਲੋਂ ਮੁਹੱਈਆਂ ਕਰਵਾਏ ਗੲ ਪਲੇਟਫ਼ਾਰਮ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਐੱਨਆਈਟੀ ਜਲੰਧਰ ਦੇ ਮਾਹਿਰਾਂ ਡਾ. ਬਲਵਿੰਦਰ ਰਾਜ ਤੇ ਮਹੇਸ਼ ਕੁਮਾਰ ਸਾਹਾ ਦੀ ਟੀਮ ਨੇ ਮਾਡਲਾਂ ਦਾ ਨਿਰੀਖਣ ਕੀਤਾ। ਇਸ ਵਿਗਿਆਨ ਮੇਲੇ ਦੌਰਾਨ ਪਹਿਲਾ ਇਨਾਮ ਸਰਕਾਰੀ ਹਾਈ ਸਕੂਲ ਅਮਨੀਵਾਲ ਮੋਗਾ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ (ਪ੍ਰੋਜੈਕਟ : 360-ਡਿਗਰੀ ਗੈਸ ਲੀਕੇਜ ਪ੍ਰੋਡਕਸ਼ਨ)। ਇਸੇ ਤਰ੍ਹਾਂ ਹੀ ਬੀਸੀਐੱਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ (ਪ੍ਰੋਜੈਕਟ : ਹਰਨੋਵਰ) ਜਦਕਿ ਪੁਲਿਸ ਡੀਏਵੀ ਸਕੂਲ ਜਲੰਧਰ ਦੀ ਟੀਮ ਤੀਜੇ ਨੰਬਰ ’ਤੇ ਰਹੀ (ਪ੍ਰੋਜੈਕਟ ਸਮਾਰਟ ਪੋਸਟਰ ਬੈਲਟ)। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।